ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 04 ਅਕਤੂਬਰ 2024:
ਧਰਮ ਦੀ ਮਹੱਤਤਾ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਇੱਕ ਜਟਿਲ ਅਤੇ ਗਹਿਰਾ ਨਿੱਜੀ ਵਿਸ਼ਾ ਹੋ ਸਕਦਾ ਹੈ ਅਤੇ ਇਸ ਬਾਰੇ ਵਿਚਾਰ ਵੱਖ-ਵੱਖ ਹੋ ਸਕਦੇ ਹਨ। ਕਈ ਲੋਕਾਂ ਲਈ, ਧਰਮ ਅਜੇ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਕਿ ਉਨ੍ਹਾਂ ਨੂੰ ਸਮੁਦਾਇਕਤਾ, ਨੈਤਿਕ ਮਾਰਗਦਰਸ਼ਨ ਅਤੇ ਆਤਮਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ।
ਜਦ ਕਿ ਕਈ ਹੋਰ ਲੋਕਾਂ ਨੂੰ ਫ਼ਲਸਫ਼ਾ, ਵਿਗਿਆਨ ਜਾਂ ਨਿੱਜੀ ਅਨੁਭਵਾਂ ਰਾਹੀਂ ਜ਼ਿੰਦਗੀ ਦੇ ਅਰਥ ਅਤੇ ਮਕਸਦ ਮਿਲਦੇ ਪ੍ਰਤੀਤ ਹੁੰਦੇ ਹਨ। ਇਹ ਇੱਕ ਬਹੁਤ ਹੀ ਦਿਲਚਸਪ ਵਿਚਾਰ ਹੈ। ਧਰਮ ਬਾਰੇ ਦੁਨੀਆ ਭਰ ਦੇ ਵਿਚਾਰ ਬਹੁਤ ਵੱਖ-ਵੱਖ ਹਨ।
ਕੁਝ ਮੁਲਕਾਂ ਵਿੱਚ ਲੋਕ ਧਰਮ ਨੂੰ ਬਹੁਤ ਮਹੱਤਵ ਦੇਂਦੇ ਹਨ, ਜਦਕਿ ਹੋਰ ਮੁਲਕਾਂ ਵਿੱਚ ਲੋਕਾਂ ਦੀ ਧਰਮ ਵਿੱਚ ਦਿਲਚਸਪੀ ਘੱਟ ਹੋ ਰਹੀ ਹੈ। ਇਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਰਮ ਦੇ ਰੂਪ ਅਤੇ ਉਸ ਦੀ ਭੂਮਿਕਾ ਸਮੇਂ ਦੇ ਨਾਲ ਬਦਲ ਰਹੀ ਹੈ। ਕਈ ਧਰਮ ਜਨਮ ਲੈਂਦੇ ਹਨ, ਵਧਦੇ ਹਨ ਅਤੇ ਫਿਰ ਖਤਮ ਹੋ ਜਾਂਦੇ ਹਨ।
ਨਿਊਜ਼ੀਲੈਂਡ ਦੀ ਗੱਲ ਕਰੀਏ ਵੀਰ ਅਵਤਾਰ ਤਰਕਸ਼ੀਲ ਹੋਰਾਂ ਨੇ ਇਕ ਨਿਊਜ਼ੀਲੈਂਡ ਦੀ ਤਾਜ਼ਾ ਮਰਦਮਸ਼ੁਮਾਰੀ ਉਪਰੰਤ ਵਿਸਤ੍ਰਿਤ ਰਿਪੋਰਟ ਭੇਜੀ ਹੈ ਜੋ ਕਿ ਇਥੇ ਸਾਂਝੀ ਕਰ ਰਹੇ ਹਾਂ।
ਨਿਊਜ਼ੀਲੈਂਡ ਸੈਂਸਸ ਵਿਭਾਗ ਅਨੁਸਾਰ ਇਥੇ ਵਸਦੇ ਅੱਧੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ। ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। ਇੱਕ ਮਾਹਿਰ ਦੇ ਕਹਿਣ ਮੁਤਾਬਕ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫਰਕ ਕਾਰਣ ਹੋਇਆ ਹੈ।
ਹੁਣ ਨਿਊਜ਼ੀਲੈਂਡ ਦੇ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿੱਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 2,576,049 ਹੋ ਗਈ ਹੈ।
ਧਾਰਮਿਕ ਲੋਕਾਂ ਵਿੱਚ ਅਜੇ ਵੀ ਇਸਾਈ ਲੋਕਾਂ ਦੀ ਬਹੁਤਾਤ ਹੈ ਜੋ ਕਿ ਘਟ ਕੇ 36.5% (2018) ਤੋਂ 32.3% (2023) ਤੱਕ ਰਹਿ ਗਈ ਹੈ। ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਨੇ ਕਿਹਾ ਕਿ ਬਾਕੀ ਧਰਮਾਂ ਦੇ ਮੁਕਾਬਲੇ ਇਸਾਈ ਧਰਮ ਦੀ ਪਕੜ ਲੰਬੇ ਸਮੇਂ ਤੋਂ ਖਾਸ ਤੌਰ ਤੇ ਘਟੀ ਹੈ।
ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫਾਇਦਾ ਨਹੀਂ ਹੈ ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਕਮਿਟਮੈਂਟ ਨਹੀਂ ਹੈ। ਪ੍ਰੋ. ਲਿਨਹਿਮ ਨੇ ਕਿਹਾ ਕਿ ‘‘ਪਿਛਲੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ‘ਐਤਵਾਰ ਦਾ ਸਕੂਲ’ ਕਹਿ ਕੇ ਧਰਮ ਨਾਲ ਜੋੜਿਆ ਗਿਆ ਸੀ।
ਇਹ ਵਿਛਾਇਆ ਹੋਇਆ ਜਾਲ ਨਵੀਂ ਪੀੜ੍ਹੀ ਤੇ ਹੁਣ ਕੰਮ ਨਹੀਂ ਕਰਦਾ ਹੈ ਕਿਉਂਕਿ ਹੁਣ ‘ਐਤਵਾਰ ਦੇ ਸਕੂਲ’ ਨਹੀਂ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ‘ਐਤਵਾਰ ਸਕੂਲ’ ਵਿੱਚ ਨਹੀਂ ਭੇਜਣਾ ਚਾਹੁੰਦੇ, ਉੱਥੇ ਬੱਚਿਆਂ ਨੂੰ ਖਿੱਚਣ ਲਈ ਬਹੁਤ ਘੱਟ ਕੁਦਰਤੀ ਖਿੱਚ ਬਚੀ ਹੈ।
ਬੀਤੇ ਸਮੇਂ ਵਿੱਚ ‘ਐਤਵਾਰ ਸਕੂਲ’ ਬੱਚਿਆਂ ਨੂੰ ਚੰਗੇ ਮਾੜੇ ਦਾ ਫਰਕ ਦੱਸਣ ਦੇ ਕੰਮ ਆਉਂਦੇ ਸਨ ਪਰੰਤੂ ਹੁਣ ਕਮਿਊਨਟੀ ਵਿੱਚ ਬਦਲਾਓ ਦੇਖਣ ਨੂੰ ਮਿਲਿਆ ਹੈ। ਐਤਵਾਰ ਦੀ ਪਵਿੱਤਰਤਾ ਜਾਂਦੀ ਲੱਗੀ ਹੈ ਅਤੇ ਧਰਮ ਆਪਣੇ ਆਪ (ਆਟੋਮੇਟਿਕ) ਵਧੀਆ ਕਰਨ ਵਾਲਾ ਨਹੀਂ ਸਮਝਿਆ ਜਾਂਦਾ।’’
ਹੋਰ ਵੱਡੇ ਧਾਰਮਿਕ ਸਮੂਹਾਂ ਵਿੱਚ ਹਿੰਦੂ 2.6% (2018) ਤੋਂ 2.9% (2023) ਅਤੇ ਇਸਲਾਮ 1.3% ਤੋਂ 1.5% ਵਧੇ ਹਨ। ਪ੍ਰੋ. ਲਿਨਹਿਮ ਮੁਤਾਬਿਕ ਇਹ ਵਾਧਾ ਵਿਦੇਸ਼ਾਂ ਵਿੱਚੋਂ ਨਵੇਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਹੋਇਆ ਹੈ ਜਿਨ੍ਹਾਂ ਵਿੱਚੋਂ ਜਿਆਦਾ ਭਾਰਤ ਵਿੱਚੋਂ ਆਏ ਹਨ।
ਐਂਗਲਿਕਨ ਚਰਚ ਨਿਊਜ਼ੀਲੈਂਡ ਅਤੇ ਪੌਲੀਨੇਸ਼ੀਆ ਦੇ ਤਿੰਨਾਂ ਵਿੱਚੋਂ ਇੱਕ ਆਰਕਬਿਸ਼ਪ ਜਸਟਿਨ ਡਕਵਰਥ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਇਸਾਈ ਧਰਮ ਵਿੱਚ ਯਕੀਨ ਦੀ ‘ਕਲਚਰ ਨੌਰਮੈਲਿਟੀ’ ਤੋਂ ਮੂੰਹ ਮੋੜ ਲਿਆ ਹੈ।
ਲੋਕਾਂ ਇਸ ਤਰਾਂ ਕਿਉਂ ਕੀਤਾ ਬਾਰੇ ਡਕਵਰਥ ਨੇ ਕਿਹਾ ਕਿ ਮਾਓਰੀ ਭਾਸ਼ਾ (ਤੀ ਆਓ ਮਾਓਰੀ te ao Maori) ਦੀ ਪਹਿਚਾਣ ਵਧੀ ਹੈ ਜੋ ਕਿ ਚੰਗੀ ਗੱਲ ਹੈ।
ਪੱਛਮੀ ਦੁਨੀਆ ਵਿੱਚ ਆਪਣੇ ਪੁਰਾਣੇ ਧਾਰਮਿਕ ਯਕੀਨ ਛੱਡ ਕੇ ਸੈਕੂਲਰ (ਕਿਸੇ ਵੀ ਧਰਮ ਵਿੱਚ ਯਕੀਨ ਨਾ ਕਰਨ ਵਾਲਾ) ਹੋਣ ਦਾ ਰੁਝਾਨ ਵਧਿਆ ਹੈ। ਡਕਵਰਥ ਨੇ ਮਹਿਸੂਸ ਕੀਤਾ ਕਿ ਲੋਕ ਅਜੇ ਵੀ ਆਸਥਾ ਦੇ ਸਵਾਲੀ ਹਨ ਪਰੰਤੂ ਪੀੜ੍ਹੀਆਂ ਤੋਂ ਚੱਲੇ ਆ ਰਹੇ ਯਕੀਨ ਤੋਂ ਕੁੱਝ ਥਾਵਾਂ ਤੇ ਪਾਸਾ ਵੱਟ ਰਹੇ ਹਨ।