ਯੈੱਸ ਪੰਜਾਬ
ਚੰਡਗੀੜ੍ਹ, 4 ਅਕਤੂਬਰ, 2024:
ਚੰਡੀਗੜ੍ਹ ਦੇ ਨਾਲ ਲੱਗਦੇ ਡੇਰਾ ਬੱਸੀ ਵਿੱਚ ਇੱਕ 45 ਸਾਲਾ ਬਾਈਕ ਸਵਾਰ ਦਾ ਦਿਨ ਦਿਹਾੜੇ ਭਰੇ ਬਜ਼ਾਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ ਬਾਈਕ ਸਵਾਰ ਆਪਣੀ ਇੱਕ ਮਹਿਲਾ ਰਿਸ਼ਤੇਦਾਰ ਨਾਲ ਜਾ ਰਿਹਾ ਸੀ।
ਮ੍ਰਿਤਕ ਦੀ ਪਛਾਣ ਪਿੰਡ ਰਾਮਪੁਰ ਬਹਾਲ ਦੇ ਰਹਿਣ ਵਾਲੇ ਹਰਬੰਸ ਸਿੰਘ ਵਜੋਂ ਹੋਈ ਹੈ। ਉਸਨੂੰ ਆਪਣੀ ਮਹਿਲਾ ਰਿਸ਼ਤੇਦਾਰ ਦੇ ਨਾਲ ਜਾਂਦਿਆਂ ਬਾਈਕ ’ਤੇ ਹੀ ਰੋਕ ਕੇ ਇੱਕ ਸਪਲੈਂਡਰ ਬਾਈਕ ’ਤੇ ਆਏ ਹਮਲਾਵਰਾਂ ਨੇ ਚਾਕੂਆਂ ਨਾਲ ਗੋਦ ਕੇ ਕਤਲ ਕਰ ਦਿੱਤਾ। ਹਰਬੰਸ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਰਬੰਸ ਸਿੰਘ ‘ਸਕਿਉਰਿਟੀ ਗਾਰਡ’ ਵਜੋਂ ਕੰਮ ਕਰਦਾ ਸੀ ਜਦ ਕਿ ਉਸਦੀ ਰਿਸ਼ਤੇਦਾਰ ਔਰਤ ਵੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।
ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਕਤਲ ਕਿਉਂ ਕੀਤਾ ਗਿਆ ਪਰ ਅਪੁਸ਼ਟ ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਉਕਤ ਮਹਿਲਾ ਨਾਲ ਕੋਈ ਰੰਜਿਸ਼ ਸੀ। ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਜੇ ਰੰਜਿਸ਼ ਮਹਿਲਾ ਨਾਲ ਸੀ ਤਾਂ ਵਾਰ ਮਹਿਲਾ ਨੂੰ ਛੱਡ ਕੇ ਹਰਬੰਸ ਸਿੰਘ ’ਤੇ ਕਿਉਂ ਕੀਤੇ ਗਏ।
ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।