ਅੱਜ-ਨਾਮਾ
ਚੱਲਦੀ ਰਹਿੰਦੀ ਬੱਸ ਨਿੱਤ ਬਿਆਨਬਾਜ਼ੀ,
ਜਿਹੜੀ ਕਲਾ ਵਿੱਚ ਭਾਰਤ ਕਮਾਲ ਬੇਲੀ।
ਚੁਣੌਤੀ ਕਦੇ ਕੋਈ ਪਾਕਿ ਨੂੰ ਜਾਏ ਦਿੱਤੀ,
ਰਹਿੰਦਾ ਫੇਰ ਵੀ ਉਹੀ ਜਿਹਾ ਹਾਲ ਬੇਲੀ।
ਮਗਰੋਂ ਕਹਿੰਦੇ ਜੀ ਟੱਕਰ ਸੰਸਾਰ ਅੰਦਰ,
ਹੁੰਦੀ ਤਾਂ ਭਾਰਤ ਦੀ ਚੀਨ ਦੇ ਨਾਲ ਬੇਲੀ।
ਦੇਣਾ ਟਿਕਣ ਨਹੀਂ ਅਸੀਂ ਬਾਜ਼ਾਰ ਅੰਦਰ,
ਤਿੱਖੀ ਹੈ ਸਾਡੀ ਵਪਾਰ ਵਿੱਚ ਚਾਲ ਬੇਲੀ।
ਆਈ ਜਦ ਖਬਰ ਤਾਂ ਅੰਕੜੇ ਹੋਰ ਕਹਿੰਦੇ,
ਮੂਹਰੇ ਭਾਰਤ ਤੋਂ ਲੰਘ ਗਿਆ ਚੀਨ ਬੇਲੀ।
ਅਮਲਾਂ ਵਿੱਚ ਉਹ ਲੰਘਿਆ ਬਹੁਤ ਮੂਹਰੇ,
ਵਜਾ ਲਈ ਅਸੀਂ ਬਿਆਨਾਂ ਦੀ ਬੀਨ ਬੇਲੀ।
ਤੀਸ ਮਾਰ ਖਾਂ
30 ਸਤੰਬਰ, 2024