ਯੈੱਸ ਪੰਜਾਬ
ਅੰਮ੍ਰਿਤਸਰ, 21 ਸਤੰਬਰ, 2024:
‘ਆਮ ਆਦਮੀ ਪਾਰਟੀ’ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਜੀਵਨ ਸਾਥਣ ਮਧੂਮਿਤਾ ਦਾ ਅਚਾਨਕ ਦਿਹਾਂਤ ਹੋ ਗਿਆ।
ਉਹਨਾਂ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਅੱਜ ਤੜਕੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਸ੍ਰੀਮਤੀ ਮਧੂਮਿਤਾ ਦਾ ਅੰਤਿਮ ਸਸਕਾਰ ਸਨਿਚਰਵਾਰ ਸਵੇਰੇ ਦੁਰਗਿਆਨਾ ਮੰਦਿਰ ਸ਼ਮਸ਼ਾਨਘਾਟ ਵਿਖ਼ੇ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਰਾਜਸੀ ਆਗੂ ਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨੇ ਪੁੱਜ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਵੀ ਇੱਕ ਟਵੀਟ ਰਾਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖ਼ਿਆ ਕਿ, ‘ਅੰਮ੍ਰਿਤਸਰ ਉੱਤਰੀ ਤੋਂਸਾਡੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜੀ ਦੀ ਪਤਨੀ ਦੇ ਅਚਾਨਕ ਦਿਹਾਂਤ ਦੀ ਦੁਖ਼ਦਾਈ ਖ਼ਬਰ ਮਿਲੀ..ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ..ਇਸ ਦੁੱਖ ਦੀ ਘੜੀ ’ਚ ਕੁੰਵਰ ਜੀ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ’।
‘ਆਮ ਆਦਮੀ ਪਾਰਟੀ’ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੁੰਵਰ ਵਿਜੇ ਪ੍ਰਤਾਪ ਨਾਲ ਦੁੱਖ ਸਾਂਝਾ ਕਰਦਿਆਂ ਟਵਿੱਟਰ ’ਤੇ ਲਿਖ਼ਿਆ, ‘ਅੰਮ੍ਰਿਤਸਰ ਤੋਂ ਸਾਡੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜੀ ਦੀ ਧਰਮਪਤਨੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਮਿਲਣ ’ਤੇ ਮਨ ਬਹੁਤ ਦੁਖ਼ੀ ਹੈ। ਭਗਵਾਨ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ। ਇਸ ਦੁੱਖ ਦੀ ਘੜੀ ਵਿੱਚ ਪੂਰਾ ‘ਆਪ’ ਪਰਿਵਾਰ ਕੁੰਵਰ ਜੀ ਦੇ ਨਾਲ ਹੈ।’