ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 18, 2024:
ਪੈਨਸਿਲਵਾਨੀਆ ਵਿਚ ਇਕ ਘਰ ਦੇ ਤੈਅਖਾਨੇ ਵਿਚ ਲੁਕੇ ਵਿਅਕਤੀ ਵੱਲੋਂ ਚਾਕੂ ਤੇ ਕੁਹਾੜੀ ਨਾਲ ਪੁਲਿਸ ਨੂੰ ਡਰਾਉਣ ਦੀ ਕੋਸ਼ਿਸ਼ ਦੌਰਾਨ ਇਕ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਉਸ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।
ਮੋਂਟਗੋਮਰੀ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਸਥਾਨਕ ਸਮੇ ਅਨੁਸਾਰ ਰਾਤ 8 ਵਜੇ ਬਾਅਦ ਈਸਟ ਗਰੀਨਵਿਲੇ ਪੁਲਿਸ ਨੂੰ ਇਕ ਲੜਕੇ ਵੱਲੋਂ ਆਪਣੇ ਉਪਰ ਹਮਲਾ ਹੋਣ ਦੀ ਸੂਚਨਾ ਦੇਣ ‘ਤੇ ਪੁਲਿਸ ਜਦੋਂ ਮੌਕੇ ‘ਤੇ ਪੁੱਜੀ ਤਾਂ ਇਕ 55 ਸਾਲਾ ਵਿਅਕਤੀ ਘਰ ਦੇ ਤੈਅਖਾਨੇ ਵਿਚ ਲੁਕਿਆ ਬੈਠਾ ਸੀ।
ਵਾਰ ਵਾਰ ਕਹਿਣ ‘ਤੇ ਜਦੋਂ ਉਹ ਬਾਹਰ ਨਾ ਆਇਆ ਤਾਂ ਪੁਲਿਸ ਨੇ ਰਾਤ 11.30 ਵਜੇ ਤੈਅਖਾਨੇ ਦਾ ਦਰਵਾਜ਼ਾ ਤੋੜ ਦਿੱਤਾ ਤੇ ਵੇਖਿਆ ਕਿ ਉਸ ਵਿਅਕਤੀ ਦੇ ਹੱਥ ਵਿਚ ਇਕ ਚਾਕੂ ਤੇ ਕੁਹਾੜੀ ਹੈ।
ਉਸ ਨੇ ਪੁਲਿਸ ਅਫਸਰਾਂ ਨੂੰ ਡਰਾਇਆ ਤੇ ਹੱਥ ਵਿਚ ਫੜੇ ਹਥਿਆਰ ਹੇਠਾਂ ਸੁੱਟਣ ਤੋਂ ਨਾਂਹ ਕਰ ਦਿੱਤੀ। ਇਕ ਪੁਲਿਸ ਅਫਸਰ ਨੇ ਟੇਜ਼ਰ ਨਾਲ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ।
ਉਪਰੰਤ ਇਕ ਪੁਲਿਸ ਅਫਸਰ ਨੇ ਉਸ ਉਪਰ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਤੇ ਉਸ ਉਪਰ ਗੋਲੀ ਚਲਾਉਣ ਵਾਲੇ ਪੁਲਿਸ ਅਫਸਰ ਦਾ ਨਾਂ ਜਨਤਿਕ ਨਹੀਂ ਕੀਤਾ ਹੈ।