ਯੈੱਸ ਪੰਜਾਬ
ਜਲੰਧਰ, ਸਤੰਬਰ 18, 2024:
ਸੀਪੀਆਈ (ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਦਾ ਸ਼ੋਕ ਸਮਾਗਮ 28 ਸਤੰਬਰ, ਦਿਨ ਸ਼ਨੀਵਾਰ ਨੂੰ ਨਵੀ ਦਿੱਲੀ ਵਿਖੇ ਹੋਵੇਗਾ।
ਪਾਰਟੀ ਦੇ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਕਮਿਊਨਿਸਟ ਆਗੂ ਕਾਮਰੇਡ ਸੀਤਾਰਾਮ ਯੇਚੁਰੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ 28 ਸਤੰਬਰ ਨੂੰ ਸ਼ੋਕ ਸਮਾਗਮ ਕਰਵਾਇਆ ਜਾ ਰਿਹਾ ਹੈ ।
ਇਹ ਸਮਾਗਮ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਦੱਸਣਾ ਬਣਦਾ ਹੈ ਕਿ ਕਾਮਰੇਡ ਸੀਤਾਰਾਮ ਯੇਚੁਰੀ ਦਾ 12 ਸਤੰਬਰ ਨੂੰ ਦਿੱਲੀ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ ਸੀ। ਕਾਮਰੇਡ ਯੇਚੁਰੀ ਜਿੱਥੇ ਪਾਰਟੀ ਤੇ ਖੱਬੀਆਂ ਧਿਰਾਂ ‘ਚ ਸਤਿਕਾਰਯੋਗ ਆਗੂ ਵਜੋਂ ਜਾਣੇ ਜਾਂਦੇ ਸਨ, ਉੱਥੇ ਉਹ ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਤਿਕਾਰੇ ਜਾਂਦੇ ਸਨ।
ਉਨ੍ਹਾਂ ਦਾ ਹਰੇਕ ਸਿਆਸੀ ਆਗੂ ਸਤਿਕਾਰ ਕਰਦਾ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਦੁਨੀਆ ਭਰ ਤੋਂ ਸ਼ੋਕ ਸੰਦੇਸ਼ ਮਿਲੇ।
ਕਾਮਰੇਡ ਸੇਖੋਂ ਨੇ ਕਿਹਾ ਕਾਮਰੇਡ ਯੇਚੁਰੀ ਦੇ ਸ਼ੋਕ ਸਮਾਗਮ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਮੂਲੀਅਤ ਕਰਨਗੇ।ਪਾਰਟੀ ਦੀਆਂ ਜ਼ਿਲ੍ਹਾ ਕਮੇਟੀਆਂ ਦੀ ਇਸ ਸਬੰਧੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਸਾਥੀ ਸਮਾਗਮ ਵਿੱਚ ਪਹੁੰਚਣ ਤੇ ਵਾਪਸੀ ਦਾ ਆਪੋ-ਆਪਣੇ ਪੱਧਰ ‘ਤੇ ਇੰਤਜ਼ਾਮ ਕਰਨਗੇ।