ਪ੍ਰਭਜੋਤ ਕੌਰ
ਸਤੰਬਰ 17, 2024:
ਇਬਾਦਤ ਦੇ ਨਾਲ ਹੀ ਸ਼ਹਾਦਤ ਤੱਕ ਦਾ ਰਸਤਾ ਤੈਅ ਹੁੰਦਾ ਹੈ। ਇਬਾਦਤ ਦੇ ਅਰਥ ਹਨ ਭਜਨ, ਬੰਦਗੀ, ਪ੍ਰਭੂ ਦੇ ਨਾਮ ਦਾ ਜਾਪ ਕਰਨਾ। ਉਸ ਕਾਦਰ ਪਰਮਾਤਮਾ ਦਾ ਨਾਮ ਸਿਮਰਨਾ ਹੀ ਸੱਚੀ ਇਬਾਦਤ ਹੈ।
ਇਬਾਦਤ ਕਰਨ ਨਾਲ ਧੀਰਜ ਤੇ ਨਿਡਰਤਾ ਵਰਗੇ ਗੁਣ ਹਿਰਦੇ ਵਿਚ ਜਨਮ ਲੈਂਦੇ ਹਨ। ਸਾਧਾਰਨ ਮਨੁੱਖ ਸੰਸਾਰ ਦੀ ਸੁੰਦਰਤਾ ਤੇ ਸੁਆਦਾਂ ਵਿਚ ਲੀਨ ਰਹਿੰਦਾ ਹੈ ਪਰ ਇਬਾਦਤ ਕਰਨ ਵਾਲੇ ਮਨੁੱਖ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ।
ਉਹ ਆਪਣੀਆਂ ਇੱਛਾਂਵਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਢਾਲ ਲੈਂਦੇ ਹਨ। ਇਬਾਦਤ ਕਰਨਾ ਉਸ ਕਾਦਰ ਨੂੰ ਪਾਉਣ ਦਾ ਇਕ ਸਫ਼ਲ ਸਾਧਨ ਹੈ।
ਆਮ ਦੇਖਣ ਵਿਚ ਆਉਂਦਾ ਹੈ ਕਿ ਸਿੱਖ ਕੌਮ ਵਿਚ ਅਤੇ ਹੋਰ ਅਨੇਕਾਂ ਕੌਮਾਂ ਵਿਚ ਸ਼ਹੀਦ ਹੋਏ ਹਨ ਪਰ ਸ਼ਹੀਦ ਹੋਣ ਵਾਸਤੇ ਕਠਿਨ ਘਾਲਣਾ ਦੀ ਲੋੜ ਹੁੰਦੀ ਹੈ ਕਿਉਂਕਿ ਉਸ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ ਹੀ ਸਾਰੇ ਡਰ ਭੈਅ ਖ਼ਤਮ ਕਰਕੇ ਸ਼ਹੀਦੀ ਦੇ ਯੋਗ ਬਣਿਆ ਜਾ ਸਕਦਾ ਹੈ। ਇਸ ਸੰਬੰਧੀ ਗੁਰਬਾਣੀ ਵਿਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :
ਨਿਰਭਉ ਜਪੈ
ਸਗਲ ਭਉ ਮਿਟੈ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 293)
ਆਪਣੇ ਆਪ ਨੂੰ ਰੱਬੀ ਰਾਹ ‘ਤੇ ਚਲਾਉਣਾ ਅਤੇ ਉਸ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਕੁਰਬਾਨ ਹੋ ਜਾਣਾ ਇਹ ਸਭ ਇਬਾਦਤ ਦੀ ਕਰਾਮਾਤ ਹੀ ਹੈ। ਇਬਾਦਤ ਹੀ ਪਰਮਾਤਮਾ ਦੇ ਸੱਚੇ ਭਗਤਾਂ ਵਿਚ ਸਹਿਣਸ਼ੀਲਤਾ ਤੇ ਸੰਜਮ ਵਰਗੇ ਗੁਣ ਪੈਦਾ ਕਰਦੀ ਹੈ। ਗੁਰਬਾਣੀ ਅਨੁਸਾਰ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਿਆ ਹੈ, ਉਹੀ ਅਸਲੀ ਸੂਰਮਾ ਹੈ।
ਜਦੋਂ ਵੀ ਧਰਮ ਅਤੇ ਮਜ਼ਲੂਮਾਂ ‘ਤੇ ਕੋਈ ਮੁਸੀਬਤ ਬਣਦੀ ਹੈ ਤਾਂ ਇਬਾਦਤ ਕਰਨ ਵਾਲੇ ਹੀ ਧਰਮ ਤੇ ਨਿਆਂ ਦੀ ਰੱਖਿਆ ਵਾਸਤੇ ਸ਼ਹਾਦਤ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਭਗਤੀ ਲਈ ਸੰਪੂਰਨ ਸਮਰਪਣ ਦੀ ਮੰਗ ਕੀਤੀ ਹੈ।
ਸੰਪੂਰਨ ਸਮਰਪਣ ਦੇ ਨਾਲ ਹੀ ਪਰਉਪਕਾਰ, ਦਇਆ, ਸਰਬ-ਸਾਂਝੀਵਾਲਤਾ ਤੇ ਧਰਮ ਦੀ ਖ਼ਾਤਿਰ ਮਰ ਮਿਟਣ ਦੇ ਸਦਾਚਾਰਕ ਗੁਣ ਪੈਦਾ ਹੁੰਦੇ ਹਨ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1412)
ਇਤਿਹਾਸ ਗਵਾਹ ਹੈ ਕਿ ਹਰ ਮਹਾਨ ਧਰਮ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਉਨ੍ਹਾਂ ਕੁਰਬਾਨੀਆਂ ਨਾਲ ਜਿਹੜੀਆਂ ਕਿ ਆਪੋ ਆਪਣੇ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੀ ਕੌਮ ਦੀ ਮਾਣ-ਮਰਿਯਾਦਾ ਦੀ ਸੰਭਾਲ ਕਰਨ ਲਈ ਦਿੱਤੀਆਂ। ਇੰਨ੍ਹਾਂ ਕੁਰਬਾਨੀਆਂ ਵਿਚੋਂ ਉੱਤਮ ਸ਼ਹਾਦਤ ਹੈ, ਜਿਹੜੀ ਕਿ ਆਪਣੀ ਜਿੰਦ ਨੂੰ ਮੌਤ ਤੋਂ ਕੁਰਬਾਨ ਕਰ ਦਿੰਦੀ ਹੈ।
ਅਜਿਹੀ ਸਵੈ ਕੁਰਬਾਨੀ ਨੂੰ ਸ਼ਹਾਦਤ ਕਰਕੇ ਸਨਮਾਨਿਆ ਜਾਂਦਾ ਹੈ। ਭਾਵੇਂ ਅਰਬੀ ਭਾਸ਼ਾ ਦੇ ਸ਼ਬਦ ਸ਼ਹੀਦ ਅਤੇ ਸ਼ਹਾਦਤ ਦਾ ਮੂਲ ਸੰਬੰਧ ਸਾਮੀ ਪਰੰਪਰਾ (ਯਹੂਦੀ, ਇਸਾਈ, ਇਸਲਾਮ) ਨਾਲ ਹੈ, ਪਰ ਭਾਰਤੀ ਪ੍ਰਸੰਗ ਵਿਚ ਸ਼ਹਾਦਤ ਦੇ ਸੰਕਲਪ ਦੀ ਗਵਾਹੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਕਾਇਮ ਕੀਤੀ।
ਸ਼ਹਾਦਤ ਦੇ ਸਿਧਾਂਤ ਦਾ ਅਮਲੀ ਜਾਮਾ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਨ ਕੇ ਇਸ ਪਰੰਪਰਾ ਨੂੰ ਉੱਤਮ ਅਤੇ ਨਿਆਰਾ ਰੂਪ ਪ੍ਰਦਾਨ ਕੀਤਾ ਅਤੇ ਅਨੇਕਾਂ ਪਿਆਰਿਆਂ, ਸਾਹਿਬਜ਼ਾਦਿਆਂ, ਸਿੰਘਾਂ, ਸਿੰਘਣੀਆਂ ਨੇ ਧਰਮ ਦੀ ਖ਼ਾਤਰ ਆਪਣਾ ਆਪ ਕੁਰਬਾਨ ਕਰਕੇ ਨਵਾਂ ਇਤਿਹਾਸ ਸਿਰਜਿਆ।
ਸਿੱਖੀ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਲੰਮਾ ਸਫ਼ਰ ਹੈ। ਇਬਾਦਤ ਜਾਂ ਬੰਦਗੀ ਇਸ ਦੀ ਬੁਨਿਆਦ ਹੈ ਤੇ ਸ਼ਹਾਦਤ ਸਿਖ਼ਰ ਦਾ ਕਲਸ਼। ਗੁਰਬਾਣੀ ਇਹ ਦੱਸਦੀ ਹੈ ਕਿ ਸਿੱਖ ਨੇ ਜਿਉਣਾ ਕਿਵੇਂ ਹੈ ਤੇ ਕੁਰਬਾਨੀ ਉਹ ਸਬਕ ਹੈ ਜੋ ਇਹ ਦੱਸਦੀ ਹੈ ਕਿ ਨਿਰਭਉ ਤੇ ਨਿਰਵੈਰ ਰਹਿ ਕੇ ਮਰਨਾ ਕਿਵੇਂ ਹੈ। ਇਨ੍ਹਾਂ ਦੋਹਾਂ ਦਾ ਸੁਮੇਲ ਨੇ ਹੀ ਸਿੱਖੀ ਤੇ ਸਿੱਖ ਇਤਿਹਾਸ ਨੂੰ ਚਮਤਕਾਰੀ ਤੇ ਵਿਲੱਖਣ ਬਣਾਇਆ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ਼ਹਾਦਤ ਦਾ ਅਰਥ ਗਵਾਹੀ ਅਤੇ ਸਾਖੀ ਭਰਨਾ ਹੈ। ਸੰਸਾਰੀ ਲੋਕ ਹਮੇਸ਼ਾ ਸੱਚ ਦੀ ਗਵਾਹੀ ਭਰਦੇ ਹਨ। ਸ਼ਹੀਦ ਉਹ ਹੈ , ਜੋ ਆਪਣੇ ਵਿਸ਼ਵਾਸ ਲਈ ਸੀਸ ਦੇਵੇ ਪਰ ਆਪਣਾ ਸਿਦਕ ਨਾ ਛੱਡੇ। ਸ਼ਹੀਦ ਉਹ ਹੈ , ਜੋ ਤਸੀਹਿਆਂ ਦੀ ਹਾਲਤ ਵਿਚ ਆਪਣੇ ਕੋਲ ਮੌਕਾ ਹੁੰਦਿਆਂ ਵੀ ਆਪਣੀ ਜਾਨ ਧਰਮ ਲਈ ਕੁਰਬਾਨ ਕਰ ਦੇਵੇ। ਵਿਸ਼ਵਕੋਸ਼ ਵਿਚ ‘ਮਾਰਟੀਅਰਜ਼’ ਅਰਥ ਦੱਸਦਿਆਂ ਲਿਖਿਆ ਹੈ ਕਿ ਸੰਤ ਹੀ ਸ਼ਹੀਦ ਹੋ ਸਕਦਾ ਹੈ। ਸ਼ਹਾਦਤ ਦੇਣ ਲਈ ਨਿਰਭੈਤਾ ਤੇ ਇਕਾਗਰਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ।
ਫਿਰ ਇਬਾਦਤ ਕਰ ਕੇ ਹੀ ਸ਼ਹਾਦਤ ਦਾ ਜਜ਼ਬਾ ਪੈਦਾ ਹੁੰਦਾ ਹੈ। ਕੇਵਲ ਸੰਤ ਹੀ ਹੈ, ਜੋ ਆਪਣੇ ਆਪ ਨੂੰ ਹਰ ਪਾਸਿਉਂ ਤੋੜ ਕੇ ਇਕ ਪਰਮਾਤਮਾ ਨਾਲ ਜੁੜ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਸੰਸਾਰ ਵਿਚ ਅਨੇਕਾਂ ਸ਼ਹੀਦ ਹੋਏ ਹਨ ਜਿੰਨ੍ਹਾਂ ਨੇ ਆਪਣੇ ਆਪ ‘ਤੇ ਜਿੱਤ ਪ੍ਰਾਪਤ ਕਰ ਕੇ ਸੰਤ ਪਦਵੀ ਧਾਰਨ ਕੀਤੀ। ਸੰਤ ਹਮੇਸ਼ਾ ਉਸ ਪਰਮਾਤਮਾ ਦੀ ਇਬਾਦਤ ਦਾ ਰਾਹ ਚੁਣ ਕੇ ਸ਼ਹਾਦਤ ਪ੍ਰਾਪਤ ਕਰਨਾ ਪਰਵਾਨ ਕਰਦੇ ਹਨ, ਉਹਨਾਂ ਨੂੰ ਆਪਣੇ ਅਸੂਲਾਂ ਨੂੰ ਤਿਆਗਣਾ ਪਰਵਾਨ ਨਹੀਂ ।
ਕੌਮ ਤੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ਼ ਹੈ ਕਿ ਸੰਤਾਂ ਦੀ ਇਬਾਦਤ ਅਤੇ ਸ਼ਹੀਦਾਂ ਦੀ ਸ਼ਹਾਦਤ ਕਦੇ ਵੀ ਵਿਅਰਥ ਨਹੀਂ ਜਾਂਦੀ। ਕਿਸੇ ਦੀ ਸ਼ਹਾਦਤ ਕਿੰਨੀ ਮਹਾਨ ਹੈ ਇਸ ਦਾ ਅਨੁਮਾਨ ਉਸ ਤੋਂ ਬਾਅਦ ਉਸ ਦੀ ਵਿਚਾਰਧਾਰਾ ਤੇ ਅਨੁਯਾਈਆਂ ਦੇ ਹਮਾਇਤੀਆਂ ਦੀ ਗਿਣਤੀ ਤੋਂ ਲਾਇਆ ਜਾਂਦਾ ਹੈ।
ਸਿੱਖ ਧਰਮ ਦੇ ਬਾਨੀਆਂ ਨੇ ਮਨੁੱਖ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਤਿੰਨ ਉਦੇਸ਼ਾਂ ਦੁਆਲੇ ਕੇਂਦਰਿਤ ਕੀਤਾ ਹੈ- ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਦਸਾਂ ਨਹੁੰਆਂ ਦੀ ਕਮਾਈ ਕਰਨੀ ਹੈ, ਇਸ ਕਿਰਤ-ਕਮਾਈ ਨੂੰ ਆਪਸੀ ਭਾਈਚਾਰੇ ਵਿਚ ਵੰਡ ਕੇ ਛੱਕਣਾ ਹੈ ਅਤੇ ਇਸ ਤਰ੍ਹਾਂ ਆਪਣੀ ਭੁੱਖ ਨੂੰ ਦੂਰ ਕਰਕੇ ਫਿਰ ਪੂਰੀ ਸੰਤੁਸ਼ਟੀ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ।
ਸਿੱਖ ਧਰਮ ਦਾ ਸਮੁੱਚਾ ਸੰਘਰਸ਼ ਅਤੇ ਇਤਿਹਾਸ ਇਸੇ ਹੀ ਸਿਧਾਂਤ ਦੇ ਦੁਆਲੇ ਘੁੰਮਦਾ ਹੈ। ਇਹ ਵੀ ਦੇਖਣਯੋਗ ਹੈ ਕਿ ਸਿੱਖ ਸੰਘਰਸ਼ ਜਦੋਂ ਤੱਕ ਇਸ ਸਿਧਾਂਤ ਦੇ ਦੁਆਲੇ ਕੇਂਦਰਿਤ ਰਿਹਾ ਹੈ ਤਾਂ ਇਸ ਨੂੰ ਸਫ਼ਲਤਾਵਾਂ ਹੀ ਮਿਲੀਆਂ ਹਨ। ਸਿੱਖ ਸ਼ਹੀਦੀਆਂ ਅਤੇ ਸ਼ਹਾਦਤਾਂ ਇਸੇ ਹੀ ਸੰਘਰਸ਼ ਦੀ ਪੈਦਾਵਾਰ ਹਨ।
ਇਸ ਤਰ੍ਹਾਂ ਦੇ ਸੰਘਰਸ਼ ਦੀ ਤਿਆਰੀ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਮਝਾਇਆ ਸੀ ਕਿ ਜੇਕਰ ਤੈਨੂੰ ਇਸ ਤਰ੍ਹਾਂ ਦੇ ਖੇਲ ਖੇਲ੍ਹਣ ਦਾ ਸ਼ੌਕ ਹੈ ਤਾਂ ਆਪਣੇ ਸਿਰ ਨੂੰ ਵਾਰ ਦੇਣ ਦੇ ਅਹਿਸਾਸ ਨਾਲ ਮੇਰੇ ਕੋਲ ਆ, ਕਿਉਂਕਿ ਜਦੋਂ ਤੂੰ ਇਕ ਵਾਰ ਇਸ ਮਾਰਗ ‘ਤੇ ਤੁਰਨ ਦੀ ਸ਼ੁਰੂਆਤ ਕਰ ਦਿੱਤੀ ਤਾਂ ਫਿਰ ਮਰਿਆ ਤਾਂ ਜਾ ਸਕਦਾ ਹੈ ਪਰ ਪਿੱਛੇ ਨਹੀਂ ਮੁੜਿਆ ਜਾ ਸਕਦਾ।
ਸ਼ਹਾਦਤ ਕਦੇ ਵੀ ਵਿਅਰਥ ਨਹੀਂ ਜਾਂਦੀ। ਜੇਕਰ ਸ਼ਹਾਦਤਾਂ ਅਜਾਈਂ ਜਾਂਦੀਆਂ ਹੋਣ ਤਾਂ ਕੋਈ ਸ਼ਹੀਦ ਨਹੀਂ ਹੋਵੇਗਾ। ਹਰ ਕੌਮ ‘ਤੇ ਸ਼ਹਾਦਤ ਦਾ ਪ੍ਰਭਾਵ ਪੈਂਦਾ ਹੈ। ਸ਼ਹੀਦ ਦੇ ਡੁੱਲ੍ਹੇ ਖ਼ੂਨ ਵਿਚੋਂ ਸੂਰਮੇਂ ਪੈਦਾ ਹੁੰਦੇ ਹਨ।
ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਖੂਨ ਦੇ ਕੇ ਹਜ਼ਾਰਾਂ ਅਤੇ ਲੱਖਾਂ ਦੀ ਗਿਣਤੀ ਵਿਚ ਐਸੇ ਸੂਰਮੇ ਖੜੇ ਕਰ ਦਿੱਤੇ ਸਨ ਜਿੰਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਹੇਠ ਆਪਣੇ ਹੱਥਾਂ ਵਿਚ ਤਲਵਾਰਾਂ ਚੁੱਕ ਕੇ, ਉਸੇ ਹਕੂਮਤ ਨੂੰ ਜੰਗ ਦੀ ਵੰਗਾਰ ਪਾ ਦਿੱਤੀ ਸੀ, ਜਿਸ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ।
ਜਿਸ ਹਕੂਮਤ ਨੇ ਸੋਚਿਆ ਸੀ ਕਿ ਗੁਰੂ ਅਰਜਨ ਜੀ ਦਾ ਪ੍ਰਚਾਰ ਇਸਲਾਮ ਦੀ ਹਕੂਮਤ ਵਿਚ ਵੀ ਲੋਕਾਂ ਨੂੰ ਇਸਲਾਮ ਤੋਂ ਦੂਰ ਲਿਜਾ ਰਿਹਾ ਹੈ ਅਤੇ ਸਿੱਖ ਬਣਾ ਰਿਹਾ ਹੈ। ਉਹੀ ਹਕੂਮਤ ਦੇਖ ਰਹੀ ਸੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਸਲਾਮ ਨੂੰ ਪੰਜਾਬ ਦੀ ਧਰਤੀ ਤੇ ਠੱਲ੍ਹ ਪੈ ਗਈ ਸੀ ਅਤੇ ਪੰਜਾਬ ਦੇ ਲੋਕ ਧੜਾ-ਧੜ ਸਿੱਖ ਧਰਮ ਦੇ ਪੈਰੋਕਾਰ ਬਣ ਰਹੇ ਸੀ।
ਸ਼ਹੀਦ ਜਿਸ ਕਾਰਜ ਲਈ ਸ਼ਹਾਦਤ ਦੇ ਰਿਹਾ ਹੁੰਦਾ ਹੈ, ਉਹ ਉਸ ਪ੍ਰਤੀ ਪੂਰਨ ਰੂਪ ਵਿਚ ਸਮਰਪਿਤ ਹੁੰਦਾ ਹੈ। ਰਾਜਨੀਤਿਕ ਲਾਭਾਂ ਵਾਸਤੇ ਜ਼ਾਲਮਾਂ ਵੱਲੋਂ ਸਤਾਏ ਲੋਕਾਂ ਦਾ ਕਤਲ ਅਤੇ ਆਪਣੇ ਹਿੱਤ ਜਾਂ ਕੋਈ ਰਾਜਸੀ ਮਕਸਦ ਲਈ ਜੀਵਨ ਦੇਣਾ ਸ਼ਹਾਦਤ ਨਹੀਂ ਕਹਾਉਂਦਾ। ਸ਼ਹੀਦ ਤਾਂ ਉਹ ਹੈ, ਜਿਸ ਨੇ ਆਪਣੀਆਂ ਧਾਰਮਿਕ ਮਾਨਤਾਵਾਂ ਲਈ ਦੁੱਖ ਝੱਲਿਆ ਹੈ।
ਸ਼ਹਾਦਤ ਉਹ ਉੱਚਾ ਰੁੱਤਬਾ ਹੈ, ਜੋ ਕਿਸੇ ਵਿਰਲੇ ਇਬਾਬਤ ਕਰਨ ਵਾਲੇ ਸੰਤ ਮਹਾਂਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ। ਸ਼ਹਾਦਤ ਲਈ ਵੱਡੇ ਜਿਗਰੇ ਦੀ ਬਹੁਤ ਲੋੜ ਹੁੰਦੀ ਹੈ, ਜਿਸ ਦੀ ਇਕਾਗਰਤਾ ਉਸ ਪ੍ਰਭੂ ਵਿਚ ਹੋਵੇ ਅਤੇ ਸੰਸਾਰ ਦੇ ਦੁੱਖ-ਸੁੱਖ ਤੋਂ ਉੱਪਰ ਉੱਠ ਚੁੱਕਿਆ ਹੋਵੇ।
ਹਰੇਕ ਦੇਸ਼ ਕੌਮ ਦੇ ਸ਼ਹੀਦਾਂ ਦੀ ਗਾਥਾ ਸੁਨਹਿਰੀ ਅੱਖਰਾਂ ‘ਚ ਲਿਖੀ ਜਾਂਦੀ ਹੈ। ਸਾਨੂੰ ਆਪਣੇ ਸ਼ਹੀਦਾਂ ਤੇ ਮਹਾਨ ਅਤੇ ਨਾਇਕਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਸਦਕਾ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਕਿਸੇ ਸ਼ਾਇਰ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਕਿ-
ਸ਼ਹੀਦ ਕੀ ਜੋ ਮੌਤ ਹੈ
ਵੋ ਕੌਮ ਕੀ ਹਯਾਤ (ਜ਼ਿੰਦਗੀ) ਹੈ।