Wednesday, January 15, 2025
spot_img
spot_img
spot_img
spot_img

ਸ਼ਹਿਰ-ਪਿੰਡ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤਮ ਕਰਨ ਲਈ ਪੜ੍ਹਾਈ ਹੀ ਇੱਕੋ-ਇੱਕ ਸਾਧਨ: ਅਨੁਰਾਗ ਵਰਮਾ

ਯੈੱਸ ਪੰਜਾਬ
ਚੰਡੀਗੜ੍ਹ/ਪਟਿਆਲਾ, 7 ਸਤੰਬਰ, 2024

ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਪੜ੍ਹਾਈ ਹੀ ਇੱਕ ਮਾਤਰ ਅਜਿਹਾ ਸਾਧਨ ਹੈ, ਜੋ ਪਿੰਡ-ਸ਼ਹਿਰ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤਮ ਕਰ ਸਕਦਾ ਹੈ। ਮੁੱਖ ਸਕੱਤਰ ਅੱਜ ਆਪਣੇ ਜੱਦੀ ਪਿੰਡ ਚਲੈਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੇ ਪਿਤਾ ਜੀ ਸਵਰਗੀ ਪ੍ਰੋ. ਬੀ.ਸੀ. ਵਰਮਾ ਦੀ ਨਿੱਘੀ ਯਾਦ ਵਿੱਚ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕਰਨ ਪੁੱਜੇ ਹੋਏ ਸਨ।

ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਨਵਦੀਪ ਵਰਮਾ ਤੇ ਸਪੁੱਤਰ ਆਯਾਨ ਵਰਮਾ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਲਈ ਕਾਮਰਸ ਸਟਰੀਮ ਦੀ ਸ਼ੁਰੂਆਤ ਵੀ ਕਰਵਾਈ।

ਵਿਦਿਆਰਥੀਆਂ ਨਾਲ ਰੂ-ਬ-ਰੂ ਦੌਰਾਨ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਵਿੱਦਿਆ ਦੀ ਅਹਿਮੀਅਤ ਬਾਰੇ ਆਪਣੇ ਪਰਿਵਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਵਿੱਦਿਆ ਕਰਕੇ ਹੀ ਇੱਕ ਪਰਿਵਾਰ ਦੀਆਂ ਦੋ ਪੀੜ੍ਹੀਆਂ ਵਿੱਚ ਵੱਡੀ ਤਬਦੀਲੀ ਆਈ ਹੈ।

ਸ੍ਰੀ ਵਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਕੋਈ ਵੀ ਵਿਦਿਆਰਥੀ ਪਿੰਡ ਚਲੈਲਾ ਤੋਂ ਚੱਲਕੇ ਤੇ ਵੱਡੀਆਂ ਪੁਲਾਂਘਾ ਮਾਰਕੇ ਕਿਸੇ ਵੀ ਉਚ ਅਹੁਦੇ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਤੁਹਾਡੀ ਪਹੁੰਚ ਦੀ ਕੋਈ ਸੀਮਾ ਨਹੀਂ ਹੋਵੇਗੀ ਅਤੇ ਤੁਹਾਡੀ ਕੀਤੀ ਮਿਹਨਤ ਉਪਰ ਰੱਬ ਵੀ ਜਰੂਰ ਆਪਣੀ ਬਖ਼ਸ਼ਿਸ਼ ਕਰੇਗਾ।

ਸ੍ਰੀ ਵਰਮਾ ਨੇ ਆਪਣੇ ਪਰਿਵਾਰਕ ਪਿਛੋਕੜ ਦੀ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਪਟਵਾਰੀ ਸਨ ਤੇ ਉਹ ਕਾਨੂੰਗੋ ਬਣੇ, ਪਿਤਾ ਪ੍ਰੋ. ਬੀ.ਸੀ. ਵਰਮਾ ਪਿੰਡ ਦੇ ਸਕੂਲ ‘ਚ ਪੰਜਵੀਂ ਤੱਕ ਪੜ੍ਹਕੇ ਅਗਲੇਰੀ ਪੜ੍ਹਾਈ ਪਟਿਆਲਾ ਤੋਂ ਕਰਕੇ ਕੈਮਿਸਟਰੀ ਦੇ ਪ੍ਰੋਫੈਸਰ ਬਣੇ ਤੇ ਫੇਰ ਕਾਲਜ ਪ੍ਰਿੰਸੀਪਲ ਵੀ ਬਣੇ ਤੇ ਉਨ੍ਹਾਂ ਦੇ ਮਾਤਾ ਜੀ ਵੀ ਅੰਗਰੇਜੀ ਦੇ ਅਧਿਆਪਕ ਤੇ ਪ੍ਰਿੰਸੀਪਲ ਬਣੇ।

ਸ੍ਰੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਸੋਚ ਸਦਕਾ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਉੱਚ ਵਿੱਦਿਆ ਹਾਸਲ ਕਰਕੇ ਅੱਜ ਮੁੱਖ ਸਕੱਤਰ ਦੇ ਅਹੁਦੇ ‘ਤੇ ਪੁੱਜੇ ਹਨ।

ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰੋ. ਬੀ.ਸੀ. ਵਰਮਾ ਚਲੈਲਾ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਮੁਤਾਬਕ ਵਰਦੀਆਂ ਤੇ ਹੋਰ ਵਸਤਾਂ ਦਿੰਦੇ ਰਹਿੰਦੇ ਸਨ। ਹੁਣ ਉਨ੍ਹਾਂ ਨੇ ਉਸੇ ਰਵਾਇਤ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਲੋੜਵੰਦ ਵਿਦਿਆਰਥੀਆਂ ਲਈ ਵਰਦੀਆਂ, ਬੈਗ ਤੇ ਪੁਸਤਕਾਂ ਦੇਣ ਦਾ ਯਤਨ ਕੀਤਾ ਹੈ। ਮੁੱਖ ਸਕੱਤਰ ਨੇ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਪ੍ਰੋਗਰਾਮ ਦੀ ਤਿਆਰੀ ਲਈ ਅਧਿਆਪਕਾਂ ਨੂੰ ਵਿਸ਼ੇਸ਼ ਸਾਬਾਸ਼ੀ ਵੀ ਦਿੱਤੀ।

ਆਪਣੇ ਪਿੰਡ ਦੇ ਵਿਕਾਸ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਪਿੰਡ ਵਾਸੀਆਂ ਦੀ ਮੰਗ ‘ਤੇ ਪਿੰਡ ਦੇ ਸਟੇਡੀਅਮ ਅਤੇ ਲਾਇਬ੍ਰੇਰੀ ਲਈ ਡਿਪਟੀ ਕਮਿਸ਼ਨਰ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ, ਇਸ ਲਈ ਰਾਜ ਦੇ ਪਿੰਡਾਂ ‘ਚ ਸਟੇਡੀਅਮ ਅਤੇ ਲਾਇਬ੍ਰੇਰੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਮੁੱਖ ਸਕੱਤਰ ਨੇ ਆਪਣੇ ਪਰਿਵਾਰ ਨਾਲ ਆਪਣੀ ਜੱਦੀ ਹਵੇਲੀ ਵੀ ਦੇਖੀ ਅਤੇ ਭਾਵੁਕਤਾ ਨਾਲ ਪੁਰਾਣੀਆਂ ਯਾਦਾਂ ਤਾਜਾ ਕਰਦਿਆਂ ਪਿੰਡ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਵੀ ਲਿਆ। ਪਿੰਡ ਵਾਸੀਆਂ, ਪੰਚਾਇਤ, ਸਕੂਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਸਕੱਤਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. ਸਰਫ਼ਰਾਜ ਆਲਮ, ਏ.ਡੀ.ਸੀ. (ਜ) ਕੰਚਨ, ਐਸ.ਡੀ.ਐਮ. ਅਰਵਿੰਦ ਕੁਮਾਰ, ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ, ਸੰਜੀਵ ਪੁਰੀ, ਪਿੰਡ ਵਾਸੀ ਰਾਮ ਸਿੰਘ, ਜਸਵਿੰਦਰ ਸਿੰਘ, ਜਗਮੋਹਨ ਮਲਿਕ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਟਵਿੰਕਲ, ਅਵਤਾਰ ਸਿੰਘ, ਉਗਰ ਸਿੰਘ, ਦੀਪਕ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ