ਯੈੱਸ ਪੰਜਾਬ
6 ਸਤੰਬਰ, 2024
ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨਾਲ ਕਾਫੀ ਚਰਚਾ ‘ਚ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਪੰਜਾਬੀ ਸਿਨਮੇ ਦਾ ਇੱਕ ਉਹ ਅਦਾਕਾਰ ਹੈ ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ।
ਉਸ ਦੀਆਂ ਫ਼ਿਲਮਾਂ ਦਾ ਇੱਕ ਵੱਖਰਾ ਦਰਸ਼ਕ ਵਰਗ ਹੈ ਜੋ ਉਸਦੀ ਹਰੇਕ ਫ਼ਿਲਮ ਦੀ ਉਡੀਕ ਕਰਦਾ ਹੈ।ਆਉਣ ਵਾਲੀ 13 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਵੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ।ਦੂਜੇ ਪਾਸੇ ਗਿੱਪੀ ਗਰੇਵਾਲ ਆਪਣੀ ਫਿਲਮ ਦੀ ਟੀਮ ਸਮੇਤ ਫਿਲਮ ਦੀ ਪਰਮੋਸ਼ਨ ‘ਚ ਲੱਗੇ ਨਜ਼ਰ ਆ ਰਹੇ ਹਨ।
ਜਿਸ ਦੇ ਚਲਦਿਆਂ ਅੱਜ ਗਿੱਪੀ ਗਰੇਵਾਲ ਆਪਣੀ ਇਸ ਫਿਲਮ ਦੀ ਸਮੁੱਚੀ ਟੀਮ ਸਮੇਤ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਅਤੇ ਉਨ੍ਹਾਂ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਵਲੋਂ ਫਿਲਮ ਦੀ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਗਿੱਪੀ ਗਰੇਵਾਲ ਅਤੇ ਉਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਇੱਕ ਚੰਗੀ ਫਿਲਮ ਪੰਜਾਬੀਆਂ ਦੀ ਝੋਲੀ ਪਾਉਣ ਲਈ ਧੰਨਵਾਦ ਕੀਤਾ ਗਿਆ।
ਦੱਸ ਦਈਏ ਕਿ ਗਿੱਪੀ ਗਰੇਵਾਲ ਵਲੋਂ ਖੁਦ ਲਿਖੀ ਅਤੇ ਨਿਰਦੇਸ਼ਿਤ ਇਹ ਫ਼ਿਲਮ ਇਨਸਾਨ ਦੇ ਜੀਵਨ ਅਤੇ ਸੰਘਰਸ਼ਾਂ ਦੀ ਝਲਕ ਨੂੰ ਪਰਦੇ ਤੇ ਪੇਸ਼ ਕਰੇਗੀ। ਜੀਓ ਸਟੂਡਿਓਜ਼’, ‘ਹੰਬਲ ਮੋਸ਼ਨ ਪਿਕਚਰਜ਼’ ਅਤੇ ‘ਪਨੋਰਮਾ ਸਟੂਡਿਓਜ਼’ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਐੱਲ ਏ ਅਤੇ ਵਿਨੋਦ ਅਸਵਾਲ ਹਨ।
ਇਸ ਫ਼ਿਲਮ ਵਿੱਚ ਅਦਾਕਾਰਾ ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਰਵਿੰਦਰ ਮੰਡ ਅਤੇ ਤਾਨਿਆ ਮਹਾਜਨ ਆਦਿ ਨਾਮੀ ਸਿਤਾਰੇ ਵੀ ਅਹਿਮ ਭੂਮਿਕਾ ਚ ਨਜ਼ਰ ਆਉਣਗੇ।