ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 06 ਸਤੰਬਰ, 2024
‘ਚਿੱਟੀ ਚਮੜੀ ਦਿਲ ਕਾਲੇ’ ਵਾਲੇ ਕਈ ਲੋਕ ਕਦੇ-ਕਦੇ ਅਜਿਹੀ ਲਿਬੜੀ ਮੱਝ ਵਾਲੀ ਗੱਲ ਕਰਦੇ ਹਨ ਚੰਗੇ ਭਲੇ ਲੋਕਾਂ ਦੇ ਉਤੇ ਵੀ ਆਪਣਾ ਚਿੱਕੜ ਸੁੱਟ ਛੱਡਦੇ ਹਨ। ਆਮ ਵਿਅਕਤੀ ਨੂੰ ਲਗਦਾ ਹੈ ਕਿ ਕਿਤੇ ਸਾਰੇ ਅਜਿਹੇ ਨਾ ਹੋਣ।
ਇਹ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਵਿਕਸਤ ਦੇਸ਼ਾਂ ਦੇ ਵਿਚ ਵੀ ਰੁਕਣ ਦਾ ਨਾਂਅ ਨਹੀਂ ਲੈਂਦੀਆਂ। ਹੁਣ ਔਕਲੈਂਡ ਵਿਖੇ ਅੰਡਰ-13 ਫੁੱਟਬਾਲ ਟੀਮ ਦੇ ਵਿਚ ਖੇਡਦੇ ਭਾਰਤੀ ਖਿਡਾਰੀਆਂ ਦੇ ਨਾਲ ਅਜਿਹੀ ਹੀ ਨਸਲੀ ਟਿਪਣੀ ਮੈਚ ਦੇ ਰੈਫਰੀ ਵੱਲੋਂ ਕੀਤੀ ਗਈ ਹੈ, ਜਿਸ ਦਾ ਗੰਭੀਰ ਨੋਟਿਸ ‘ਔਕਲੈਂਡ ਫੁੱਟਬਾਲ ਐਸੋਸੀਏਸ਼ਨ’ ਨੇ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਊਥ ਔਕਲੈਂਡ ਦੀਆਂ ਦੋ ਅੰਡਰ-13 ਟੀਮਾਂ ਬੀਤੇ ਸ਼ਨੀਵਾਰ ‘ਨਾਰਦਰਨ ਰੀਜ਼ਨ ਫੁੱਟਬਾਲ’ (NR6) ਮੁਕਾਬਲੇ ਵਿਚ ਖੇਡ ਰਹੀਆਂ ਸਨ ਜਿਸ ਵੇਲੇ ਇਹ ਘਟਨਾ ਘਟੀ। ਮੈਚ ਬੜਾਂ ਫਸਵਾਂ ਸੀ।
ਇਸ ਦੌਰਾਨ ਇਕ ਟੀਮ ਨੇ ਕੁਝ ਕਾਲਾਂ ਕੀਤੀਆਂ ਜਿਸਦਾ ਦੂਜੀ ਟੀਮ ਨੇ ਵਿਰੋਧ ਕੀਤਾ। ਇਕ ਖਿਡਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਸਨੂੰ ਕਿਹਾ ਗਿਆ ਕਿ ‘‘ਤੁਸੀਂ ਆਪਣੇ ਮਾਪਿਆਂ ਨਾਲ ਵਾਪਿਸ ਉਥੇ ਚਲੇ ਜਾਓ ਜਿਥੋਂ ਤੁਸੀਂ ਆਏ ਹੋ।’’ ਇਕ ਹੋਰ ਦੇ ਪੁੱਤਰ ਨੂੰ ਇਹ ਕਿਹਾ ਗਿਆ ਕਿ ‘ਚੁੱਪ ਰਹੋ (ਸ਼ੱਟ-ਅੱਪ) ਅਤੇ ਵਾਪਿਸ ਉਥੇ ਜਾਓ ਜਿਥੋਂ ਤੁਸੀਂ ਭਾਰਤੀ ਆਏ ਹੋ।’’
ਇਹ ਉਹ ਖਿਡਾਰੀ ਬੱਚੇ ਸਨ ਜਿਹੜੇ ਪ੍ਰਵਾਸੀ ਭਾਰਤੀਆਂ ਦੇ ਇਥੇ ਪੈਦਾ ਹੋਏ ਬੱਚੇ ਹਨ ਅਤੇ ਜਮਾਂਦਰੂ ਕੀਵੀ ਹਨ। ਇਨ੍ਹਾਂ ਖਿਡਾਰੀਆਂ ਨੂੰ ਕਿਹਾ ਗਿਆ ਕਿ ਜੇਕਰ ਰੈਫਰੀ ਨਾਲ ਕੋਈ ਗੱਲਬਾਤ ਕੀਤੀ ਤਾਂ ਟੀਮ ਵਿਚੋਂ ਬਾਹਰ ਕੱਢ ਦਿੱਤੇ ਜਾਓਗੇ। ਕਈ ਖਿਡਾਰੀਆਂ ਨੂੰ ਇਸ ਤੋਂ ਪਹਿਲਾਂ ਇਸ ਕਰਕੇ ਟੀਮ ਵਿਚ ਨਹੀਂ ਸ਼ਾਮਿਲ ਕੀਤਾ ਗਿਆ ਕਿ ਤੁਸੀਂ ਦੂਸਰੇ ਖਿਡਾਰੀਆਂ ਤੋਂ ਵੱਖਰੀ ਤਰਾਂ ਦੀ ਦਿੱਖ ਰੱਖਦੇ ਹੋ।
ਸ਼ਿਕਾਇਤਾਂ ਦਰਜ ਹੋਣ ਤੋਂ ਬਾਅਦ ‘ਨਾਰਦਰਨ ਰੀਜਨ ਫੁੱਟਬਾਲ’ ਸੀ.ਈ. ਓ. ਨੇ ਕਿਹਾ ਹੈ ਕਿ ਇਥੇ ਨਸਲੀ ਵਿਤਕਰੇ ਦੇ ਲਈ ਕੋਈ ਥਾਂ ਨਹੀਂ ਹੈ, ਇਸਦੀ ਜਾਂਚ ਕੀਤਾ ਜਾਵੇਗੀ ਅਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।