ਯੈੱਸ ਪੰਜਾਬ
ਚੰਡੀਗੜ੍ਹ 5 ਸਤੰਬਰ, 2024
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਪ੍ਰਧਾਨਗੀ ਅਹੁਦੇ ਲਈ ਉਮੀਦਵਾਰਾਂ ਨੂੰ ਭੁਆਟਣੀਆਂ ਦਿੰਦਿਆਂ ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਬੇਮਿਸਾਲ ਜਿੱਤ ਪ੍ਰਾਪਤ ਕੀਤੀ ਹੈ।
ਅਨੁਰਾਗ ਦਲਾਲ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ.ਐੱਸ.ਯੂ.ਆਈ. ਦੇ ਮੈਂਬਰ ਸਨ ਪਰ ਪਾਰਟੀ ਵੱਲੋਂ ਟਿਕਟ ਰਾਹੁਲ ਨੈਣ ਨਾਂਅ ਦੇ ਉਮੀਦਵਾਰ ਨੂੰ ਦੇ ਦਿੱਤੀ ਗਈ ਤਾਂ ਅਨੁਰਾਗ ਦਲਾਲ ਦੇ ਇੱਕ ਕੱਟੜ ਹਮਾਇਤੀ ਅਤੇ ਸਰਪ੍ਰਸਤ ਐੱਨ.ਐੱਸ.ਯੂ.ਆਈ. ਚੰਡੀਗੜ੍ਹ ਦੇ ਪ੍ਰਧਾਨ ਸਿਕੰਦਰ ਭੂਰਾ ਦੀ ਮਦਦ ਨਾਲ ਚੋਣ ਅਮਲ ਸ਼ੁਰੂ ਹੋਣ ਤੋਂ 5 ਦਿਨ ਪਹਿਲਾਂ ਡੈਮੋਕਰੈਟਿੰਕ ਫਰੰਟ ਕਾਇਮ ਕੀਤਾ ਅਤੇ ਚੋਣ ਮੈਦਾਨ ਵਿੱਚ ਨਿੱਤਰ ਪਏ।
ਅਨੁਰਾਗ ਦਲਾਲ ਨੂੰ 3434 ਵੋਟਾਂ ਪਈਆਂ ਜਦਕਿ ‘ਆਮ ਆਦਮੀ ਪਾਰਟੀ’ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੂੰ ਹਰਾਇਆ। ਪ੍ਰਿੰਸ ਚੌਧਰੀ ਨੂੰ 3129 ਵੋਟਾਂ ਹਾਸਲ ਹੋਈਆਂ।
ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਉਮੀਦਵਾਰ ਅਰਪਿਤਾ ਮਲਿਕ ਨੂੰ ਕੇਵਲ 1114 ਵੋਟਾਂ ਹਾਸਲ ਹੋਈਆਂ ਜਦਕਿ ਐੱਨ.ਐੱਸ.ਯੂ.ਆਈ. ਦੇ ਅਧਿਕਾਰਤ ਉਮੀਦਵਾਰ ਰਾਹੁਲ ਨੈਣ ਨੂੰ ਕੇਵਲ 497 ਵੋਟਾਂ ਹੀ ਮਿਲ ਸਕੀਆਂ।