ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 3, 2024:
ਪੁਲਿਸ ਨੂੰ ਕੈਲੀਫੋਰਨੀਆ ਵਿਚ ਇਕ ਘਰ ਹੇਠਾਂ ਬਣੇ ਤਹਿਖਾਨੇ ਵਿਚੋਂ ਮਨੁੱਖੀ ਅਵਸ਼ੇਸ਼ ਮਿਲਣ ਦੀ ਖਬਰ ਹੈ।
ਰੈਡਲੈਂਡਜ ਪੁਲਿਸ ਵਿਭਾਗ ਦੇ ਲੋਕ ਸੰਪਰਕ ਅਫਸਰ ਕਾਰਲ ਬੇਕਰ ਨੇ ਕਿਹਾ ਹੈ ਕਿ ਮਨੁੱਖੀ ਅੰਗਾਂ ਦੀ ਅਜੇ ਪਛਾਣ ਕੀਤੀ ਜਾਣੀ ਹੈ ਪਰੰਤੂ ਸਮਝਿਆ ਜਾਂਦਾ ਹੈ ਕਿ ਇਹ ਅਵਸ਼ੇਸ਼ ਪਿਛਲੇ ਦਿਨੀ ਲਾਪਤਾ ਹੋਏ ਇਕ ਬਜੁਰਗ ਜੋੜੇ ਦੇ ਹਨ।
ਇਸ ਤੋਂ ਪਹਿਲਾਂ ਪੁਲਿਸ ਨੇ ਐਲਾਨ ਕੀਤਾ ਸੀ ਕਿ ਉਸ ਨੇ ਮਿਸ਼ੈਲ ਰੋਇਸੀ ਸਪਾਰਕਸ (62) ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਲਾਪਤਾ ਜੋੜੇ ਦੀਆਂ ਮੌਤਾਂ ਸਬੰਧੀ ਦੋਸ਼ ਆਇਦ ਕਰਨ ਦੀ ਸਿਫਾਰਿਸ਼ ਕੀਤੀ ਹੈ ਜੋ ਜੋੜਾ ਉਸ ਦੇ ਗਵਾਂਢ ਵਿਚ ਕੈਲੀਫੋਰਨੀਆ ਨੂਡਿਸਟ ਰਿਜ਼ਾਰਟ ਵਿਚ ਰਹਿੰਦਾ ਸੀ।
ਡੈਨੀਅਲ ਮੀਨਾਰਡ (79) ਤੇ ਉਸ ਦੀ 73 ਸਾਲਾ ਪਤਨੀ ਸ਼ਨਿਚਰਵਾਰ ਤੋਂ ਲਾਪਤਾ ਸਨ। ਬੇਕਰ ਨੇ ਕਿਹਾ ਕਿ ਮਨੁੱਖੀ ਅਵਸ਼ੇਸ਼ ਸਪਾਰਕਸ ਦੇ ਮੋਬਾਇਲ ਘਰ ਹੇਠਾਂ ਬਣੇ ਤਹਿਖਾਨੇ ਵਿਚੋਂ ਮਿਲੇ ਹਨ।
ਤਲਾਸ਼ੀ ਉਪਰੰਤ ਰੈਡਲੈਂਡਜ ਪੁਲਿਸ ਨੇ ਸ਼ੱਕੀ ਦੋਸ਼ੀ ਦਾ ਲਾਸ ਏਂਜਲਸ ਦੇ ਦੱਖਣ ਵਿਚ ਤਕਰੀਬਨ 65 ਮੀਲ ਦੂਰ ਓਲੀਵ ਡੈਲ ਰੈਂਚ ਆਰ ਵੀ ਪਾਰਕ ਸਥਿੱਤ ਘਰ ਸੀਲ ਕਰ ਦਿੱਤਾ ਹੈ।
ਸਪਾਰਕਸ ਨੇ ਗ੍ਰਿਫਤਾਰੀ ਵੇਲੇ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ ਤੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਉਹ ਨਾਕਾਮ ਰਿਹਾ। ਬਾਅਦ ਵਿਚ ਉਸ ਨੇ ਆਤਮ ਸਮਰਪਣ ਕਰ ਦਿੱਤਾ।
ਜੋੜੇ ਦੀ ਖੁਲੀ ਕਾਰ ਉਨਾਂ ਦੇ ਘਰ ਨੇੜੇ ਓਲੀਵ ਡੈਲ ਰੈਂਚ ਤੋਂ ਮਿਲੀ ਸੀ।