ਯੈੱਸ ਪੰਜਾਬ
ਮਾਨਸਾ, 31 ਅਗਸਤ, 2024:
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਪਰਿਵਾਰ ਦੀ ਰਾਖ਼ੀ ਲਈ ਲੱਗੇ ਸੁਰੱਖ਼ਿਆ ਕਰਮੀਆਂ ਦੇ ਆਪਸ ਵਿੱਚ ਭਿੜ ਜਾਣ ਦੀ ਖ਼ਬਰ ਹੈ। ਇੱਕ ਪੁਲਿਸ ਕਰਮੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਸ਼ੁੱਕਰਵਾਰ ਅਤੇ ਸਨਿਚਰਵਾਰ ਦੀ ਵਿਚਾਲੀ ਰਾਤ ਨੂੰ ਸਿੱਧੂ ਮੂਸੇਵਾਲਾ ਦੀ ਪਿੰਡ ਮੂਸੇਵਾਲਾ ਸਥਿਤ ਹਵੇਲੀ ਵਿੱਚ ਵਾਪਰੀ। ਸੁਰੱਖ਼ਿਆ ਵਿੱਚ ਲੱਗੇ ਕਮਾਂਡੋਜ਼ ਅਤੇ ਦੂਜੇ ਪੰਜਬ ਪੁਲਿਸ ਕਰਮੀਆਂ ਵਿਚਾਲੇ ਆਪਸੀ ਖ਼ਹਿਬਾਜ਼ੀ ਇਸ ਹੱਦ ਤਕ ਜਾ ਪੁੱਜੀ ਕਿ ਇੱਕ ਧਿਰ ਨੇ ਦੂਜੀ ਧਿਰ ਦੇ ਇੱਕ ਸੁਰੱਖ਼ਿਆ ਕਰਮੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।
ਗੁਰਦੀਪ ਸਿੰਘ ਨਾਂਅ ਦੇ ਇਸ ਸੁਰੱਖ਼ਿਆ ਕਰਮੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਅਤੇ ਕਾਫ਼ੀ ਖ਼ੂਨ ਵਹਿ ਗਿਆ ਹੈ। ਇਸ ਕਰਮੀ ਦਾ ਦੋਸ਼ ਹੈ ਕਿ ਇਸ ’ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਗਿਆ ਜੋ ਇਸ ਦੇ ਸਿਰ ਵਿੱਚ ਲੱਗੀ। ਸੂਤਰਾਂ ਅਨੁਸਰ ਉਸਦੇ ਸਿਰ ਵਿੱਚ 10 ਟਾਂਕੇ ਲੱਗੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਜ਼ਖ਼ਮੀ ਪੁਲਿਸ ਕਰਮੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਸੰਬੰਧੀ ਅਜੇ ਤਕ ਕੋੇਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਸਦਾ ਕਹਿਣਾ ਹੈ ਕਿ ਉਸਦੇ ਤਾਂ ਅਜੇ ਤਕ ਬਿਆਨ ਵੀ ਨਹੀਂ ਲਏ ਗਏ।
ਸੂਤਰਾਂ ਅਨੁਸਾਰ ਮਾਨਸਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਅਜੇ ਤਕ ਅਧਿਕਾਰਤ ਤੌਰ ’ਤੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।