ਯੈੱਸ ਪੰਜਾਬ
ਗਿੱਦੜਬਾਹਾ, 26 ਅਗਸਤ, 2024:
ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ’ਤੇ ‘ਪਰਿਵਾਰਵਾਦ’ ਦਾ ਦੋਸ਼ ਲਾਉਂਦਿਆਂ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਅਕਾਲੀ ਨੇਤਾ ਹਰਦੀਪ ਸਿੰਘ ਢਿੱਲੋਂ ਨੇ ਅੱਜ ਆਪਣੇ ਸਮਰਥਕਾਂ ਦੀ ਇੱਕ ਭਰਵੀਂ ਮੀਟਿੰਗ ਵਿੱਚ ਇਹ ਸੰਕੇਤ ਦੇ ਦਿੱਤੇ ਕਿ ਉਹ ‘ਆਮ ਆਦਮੀ ਪਾਰਟੀ’ ਵਿੱਚ ਜਾ ਸਕਦੇ ਹਨ।
ਸਮਰਥਕਾਂ ਦੇ ਸਾਹਮਣੇ ਆਪਣੀ ਗੱਲ ਖੁਲ੍ਹ ਕੇ ਰੱਖਦਿਆਂ ਗਿੱਦੜਬਾਹਾ ਤੋਂ ਅਕਾਲੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਅਤੇ 2022 ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲਗਪਗ 1300 ਵੋਟਾਂ ਦੇ ਫ਼ਰਕ ਨਾਲ ਹਾਰੇ ਡਿੰਪੀ ਢਿੱਲੋਂ ਨੇ ਆਪਣੇ ਸਮਰਥਕਾਂ ਤੋਂ ਹੀ ਇਹ ‘ਫ਼ੈਸਲਾ’ ਲਿਆ ਕਿ ਉਹ ਕਿੱਧਰ ਜਾਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ, ‘ਆਪ’ ਅਤੇ ਭਾਜਪਾ ਵੱਲੋਂ ‘ਆਫ਼ਰਾਂ’Á ਸਨ ਪਰ ਉਨ੍ਹਾਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਨਾਂਹ ਕੀਤੀ ਸੀ ਪਰ ਪਾਰਟੀ ਛੱਡਣ ਪਿੱਛੋਂ ਉਹ ਹੁਣ ਆਜ਼ਾਦ ਹਨ ਅਤੇ ਇਕੱਠੀ ਹੋਏ ਲੋਕ ਹੀ ਇਹ ਦੱਸਣ ਕਿ ਉਹ ਕਿੱਧਰ ਜਾਣ।
ਇਹ ਵੀ ਪੜ੍ਹੋ: ਛੁਡਾ ਗਿਆ ਹੱਥ ਸੁਖਬੀਰ ਦਾ ਹੋਰ ਆੜੀ, ਲੱਗ ਗਿਆ ਪਾਰਟੀ ਨੂੰ ਝਟਕਾ ਹੋਰ ਬੇਲੀ
ਇਸ ’ਤੇ ਵਧੇਰੇ ਲੋਕਾਂ ਵੱਲੋਂ ‘ਆਪ’ ਵੱਲ ਜਾਣ ਦੀ ਗੱਲ ਕੀਤੇ ਜਾਣ ’ਤੇ ਡਿੰਪੀ ਢਿੱਲੋਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਉਨ੍ਹਾਂ ਦਾ ਕੋਈ ਜ਼ਿੰਮੇਵਾਰ ਨੁਮਾਇੰਦਾ ਆਉਂਦਾ ਹੈ ਅਤੇ ਉਨ੍ਹਾਂ ਦੀਆਂ ਸ਼ਰਤਾਂ ’ਤੇ ਗੱਲ ਹੁੰਦੀ ਹੈ ਤਾਂ ਉਹ ‘ਆਮ ਆਦਮੀ ਪਾਰਟੀ’ ਵਿੱਚ ਚਲੇ ਜਾਣਗੇ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਉਹ ਪਿਛਲੇ 38 ਸਾਲ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਪਰ ਪਿਛਲੇ ਦਿਨਾਂ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਅਤੇ ਮੇਰੀ ਸੀਟ ਖ਼ੋਹ ਕੇ ਕਿਹਾ ਜਾ ਰਿਹਾ ਸੀ ਕਿ ‘ਵੇਖ਼ ਲੈ ਸਿਆਸਤ ਕਰਨੀ ਜਾਂ ਨਹੀਂ।’ ਉਹਨਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੂੰ ਤਲਵੰਡੀ ਸਾਬੋ ਹਲਕੇ ਵਿੱਚ ਜਾਣ ਲਈ ਕਿਹਾ ਜਾ ਰਿਹਾ ਸੀ।
ਡਿੰਪੀ ਢਿੱਲੋਂ ਨੇ ਕਿਹਾ ਕਿ ਜਦ ਇਹ ਗੱਲ ਚੱਲੀ ਕਿ ਸੁਖ਼ਬੀਰ ਸਿੰਘ ਬਾਦਲ ਇੱਥੋਂ ਚੋੌਣ ਲੜ ਸਕਦੇ ਹਨ ਤਾਂ ਮੈਂ ਕਿਹਾ ਸੀ ਕਿ ‘ਤੁਸੀਂ ਲੜ ਲਉ’ ਪਰ ਦੋਹਾਂ ਭਰਾਵਾਂਦੀ ਘਿਉ ਖ਼ਿਚੜੀ ਵਿੱਚ ਮੈਂ ਮੱਖੀ ਬਣ ਰਿਹਾ ਸਾਂ ਇਸ ਲਈ ਮੈਨੂੰ ਬਾਹਰ ਸੁੱਟ ਦਿੱਤਾ ਗਿਆ।
ਡਿੰਪੀ ਢਿੱਲੋਂ ਨੇ ਕਿਹਾ ਕਿ ਉਨਾਂ ਨੇ ਹਮੇਸ਼ਾ ਹੀ ਸੁਖ਼ਬੀਰ ਸਿੰਘ ਬਾਦਲ’ਤੇ ਅੰਨ੍ਹਾਂ ਭਰੋਸਾ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂਕਿਹਾ ਕਿ ਉਹ ਦੋਵੇਂ ਭਰਾ ਆਪਣੇ ਪਿਤਾ ਦੀ ਮੌਤ ’ਤੇ ਇੰਨਾ ਨਹੀਂ ਰੋਏ ਜਿੰਨਾ ਕਲ੍ਹ ਰੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਮਨਾਂ ਨੂੰ ਐਸੀ ਸੱਟ ਵੱਜੀ ਹੈ ਕਿ ਅਸੀਂ ਹੁਣ ਤਕ ਸੰਭਲ ਨਹੀਂ ਪਾਏ ਕਿਉਂਕਿ ਅਸੀਂ ਤਾਂ ਕਦੇ ਕੋਈ ਹੋਰ ਰਾਹ ਹੀ ਨਹੀਂ ਸੀ ਵੇਖ਼ਿਆ, ਅਤੇ ਨਾ ਹੀ ਕਿਸੇ ਦੀ ਹਿੰਮਤ ਸੀ ਕਿ ਉਹ ਸਾਨੂੰ ਆ ਕੇ ਇਸ ਬਾਬਤ ਪੁੱਛ ਸਕੇ।
ਡਿੰਪੀ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਕਲ੍ਹ ਦੇ ਕਈ ਫ਼ੋਨ ਆ ਰਹੇ ਹਨ ਕਿ ਉਹ ਵਾਪਸ ਪਾਰਟੀ ਵਿੱਚ ਆ ਜਾਣ ਪਰ ਮੈਨੂੰ ਮੇਰੇ ਸਮਰਥਕਾਂ ਨੇ ਸਮਝਾਇਆ ਹੈ ਕਿ ‘ਵਾਪਸ ਨਾ ਜਾਈਂ ਤੈਨੂੰ ਮਾਰ ਦੇਣਗੇ।’