ਯੈੱਸ ਪੰਜਾਬ
ਅੰਮ੍ਰਿਤਸਰ, 25 ਅਗਸਤ, 2024:
ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਸਨਿਚਰਵਾਰ ਨੂੰ ਇੱਕ ਐੱਨ.ਆਰ.ਆਈ. ਦੇ ਘਰ ਵੜ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਹੀ ਅਮਰੀਕਾ ਤੋਂ ਆਏ ਐੱਨ.ਆਰ.ਆਈ. ਸੁਖ਼ਚੈਨ ਸਿੰਘ ਨੂੰ ਗੋਲੀਆਂ ਮਾਰਣ ਦੇ ਮਾਮਲੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਸੁਖ਼ਚੈਨ ਸਿੰਘ ਦੀ ਪਹਿਲੀ ਪਤਨੀ ਦੇ ਵਿਦੇਸ਼ ਬੈਠੇ ਭਰਾ ਨੇ ਹੀ ਉਸਨੂੰ ਮਾਰਣ ਲਈ ਸੁਪਾਰੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸੁਖ਼ਚੈਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਉਸਦੀ ਪਹਿਲੀ ਪਤਨੀ ਦੇ ਪਰਿਵਾਰ ਦੇ 5 ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖ਼ਚੈਨ ਸਿੰਘ ਦੇ ਸਹੁਰੇ ਸਵਰਨ ਸਿੰਘ ਨੂੰ ਬੀਤੇ ਕਲ੍ਹ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਸੱਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੁਖ਼ਚੈਨ ਸਿੰਘ ਦਾ ਸਾਂਢੂ ਅਤੇ ਸਾਲੀ ਅਤੇ ਵਿਦੇਸ਼ ਬੈਠਾ ਭਰਾ ਵੀ ਇਸ ਕੇਸ ਵਿੱਚ ਨਾਮਜ਼ਦ ਹੈ।
ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਸੁਖ਼ਚੈਨ ਸਿੰਘ ’ਤੇ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਗਰਨੇਡ ਵਾਸੀ ਕਪੂਰਥਲਾ ਅਤੇ ਗਰਕੀਰਤ ਗੁਰੀ ਵਾਸੀ ਬਰੇਟਾ, ਜਲੰਧਰ ਵਜੋਂ ਹੋਈ ਹੈ ਅਤੇ ਦੋਹਾਂ ਦੀ ਭਾਲ ਜਾਰੀ ਹੈ। ਉਹਨਾਂ ਕਿਹਾ ਕਿ ਦੋਹਾਂ ਦੀ ਗ੍ਰਿਫ਼ਤਾਰੀ ਕਿਸੇ ਵੀ ਵੇਲੇ ਸੰਭਵ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਇੱਕ ਤਾਂ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ।
ਉਹਨਾਂ ਨੇ ਖੁਲਾਸਾ ਕੀਤਾ ਕਿ ਅਮਰੀਕਾ ਹੀ ਰਹਿੰਦੇ ਸੁਖ਼ਚੈਨ ਦੀ ਪਹਿਲੀ ਪਤਨੀ ਦੇ ਭਰਾ ਨੇ ਆਪਣੇ ਦੂਜੇ ਜੀਜੇ ਭਾਵ ਸੁਖਚੈਨ ਸਿੰਘ ਦੇ ਸਾਂਢੂ ਨਾਲ ਮਿਲ ਕੇ ਲਵਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਰਾਹੀਂ ਸੁਖ਼ਚੈਨ ਸਿੰਘ ਨੂੰ ਮਾਰਣ ਲਈ ਸੁਪਾਰੀ ਦਿੱਤੀ ਸੀ ਅਤੇ ਲਵਜੀਤ ਰਾਹੀਂ ਹੀ ਪੈਸੇ ਹਮਲਾਵਰਾਂ ਨੂੰ ਟਰਾਂਸਫ਼ਰ ਕੀਤੇ ਗਏ।
ਪੁਲਿਸ ਕਮਿਸ਼ਨਰ ਨੇ ਇਹ ਵੀ ਖੁਲਾਸਾ ਕੀਤਾ ਕਿ ਦੋਵਾਂ ਹਮਲਾਵਰਾਂ ਲਈ ਦੋ ਵਿਅਕਤੀਆਂ ਨੇ ਪਨਾਹ ਦੇਣ ਦਾ ਇੰਤਜ਼ਾਮ ਕੀਤਾ ਸੀ ਅਤੇ ਇੱਕ ਹੋਟਲ ਨੇ ਇਨ੍ਹਾਂ ਦੋਹਾਂ ਨੂੰ ਬਿਨਾਂ ਕਿਸੇ ਆਈ.ਡੀ. ਸਬੂਤ ਦੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਮਰੇ ਦਿੱਤੇ ਸਨ। ਇਸ ਕਾਰਨ ਪਨਾਹ ਲਈ ਮਦਦ ਕਰਨ ਵਾਲੇ ਤਰਨ ਤਾਰਨ ਦੇ ਜਗਜੀਤ ਜੱਗੂ ਅਤੇ ਚਮਕੌਰ ਛੋਟੂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਟਲ ਦੇ ਮਾਲਕ ਦਿਗੰਬਰ ਅੱਤਰੀ ਅਤੇ ਮੈਨੇਜਰ ਅਭਿਲਾਸ਼ ਭਾਸਕਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।