Thursday, October 3, 2024
spot_img
spot_img
spot_img
spot_img
spot_img

ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਕੰਢੀ ਖੇਤਰ ਵਿਚ ਖੇਤੀ ਦੇ ਵਿਕਾਸ ਲਈ PAU ਦੇ ਉੱਚ ਅਧਿਕਾਰੀਆਂ ਨਾਲ ਕੀਤੀ ਵਿਚਾਰ ਚਰਚਾ

ਯੈੱਸ ਪੰਜਾਬ
ਲੁਧਿਆਣਾ, 23 ਅਗਸਤ, 2024

ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਰੋੜੀ ਪੀ ਏ ਯੂ ਵਿਖੇ ਇਕ ਵਿਸ਼ੇਸ਼ ਮੀਟਿੰਗ ਵਿੱਚ ਸ਼ਾਮਿਲ ਹੋਏ। ਉਨ੍ਹਾਂ ਇਸ ਦੌਰਾਨ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਵਿਚਾਰ ਚਰਚਾ ਕੰਢੀ ਖੇਤਰ ਵਿਚ ਖੇਤੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਉੱਪਰ ਕੇਂਦਰਿਤ ਰਹੀ।

ਜੈ ਕਿਸ਼ਨ ਰੋੜੀ ਨੇ ਪੀ ਏ ਯੂ ਵਿਚ ਆਉਣ ਤੇ ਖੁਸ਼ੀ ਪ੍ਰਗਟ ਕੀਤੀ, ਉਨ੍ਹਾਂ ਕਿਹਾ ਕਿ ਉਹ ਕੰਢੀ ਦੇ ਇਲਾਕੇ ਨਾਲ ਸੰਬੰਧਿਤ ਹਨ ਜਿਸ ਵਿਚ ਖੇਤੀ ਅਜੇ ਵੀ ਮਾਰੂ ਅਤੇ ਕੁਦਰਤ ਉੱਪਰ ਨਿਰਭਰ ਹੈ। ਇਸ ਇਲਾਕੇ ਵਿਚ ਖੇਤੀ ਦੇ ਵਿਕਾਸ ਲਈ ਪੀ ਏ ਯੂ ਦੇ ਖੇਤਰੀ ਕੇਂਦਰ ਬੱਲੋਵਾਲ ਸੌਂਖੜੀ ਨੇ ਬਿਹਤਰ ਕਾਰਜ ਕੀਤਾ ਹੈ। ਪਰ ਹੁਣ ਇਸ ਵਿਕਾਸ ਨੂੰ ਵਿਆਪਕ ਬਣਾਉਣ ਦੀ ਸਰਕਾਰ ਦੀ ਮੰਸ਼ਾ ਹੈ।

ਉਨ੍ਹਾਂ ਨੇ ਪਰਾਲੀ ਦੀ ਸੰਭਾਲ ਲਈ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਬਾਰੇ ਜਾਨਣ ਦੀ ਇੱਛਾ ਪ੍ਰਗਟਾਈ ਅਤੇ ਕੰਢੀ ਇਲਾਕੇ ਵਿਚ ਬਾਗਬਾਨੀ ਦੇ ਵਿਕਾਸ ਬਾਰੇ ਮਾਹਿਰਾਂ ਦੇ ਸੁਝਾਅ ਲਏ। ਨਾਲ ਹੀ ਵਣ ਖੇਤੀ ਦੀਆਂ ਸੰਭਾਵਨਾਵਾਂ ਅਤੇ ਸਜਾਵਟੀ ਬੂਟਿਆਂ ਦੇ ਖੇਤਰ ਵਿਚ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲਿਆ।

ਸ਼੍ਰੀ ਰੋੜੀ ਨੇ ਕਿਹਾ ਕਿ ਇਸ ਇਲਾਕੇ ਵਿਚ ਦੇਸੀ ਅੰਬਾਂ ਦੀ ਕਾਸ਼ਤ ਦੀ ਰਵਾਇਤ ਰਹੀ ਹੈ ਪਰ ਉਹ ਚਾਹੁੰਦੇ ਹਨ ਕਿ ਇਸ ਕਾਰਜ ਨੂੰ ਵਿਗਿਆਨਕ ਦਿਸ਼ਾ ਵਿਚ ਤੋਰਿਆ ਜਾਵੇ। ਇਸ ਨਾਲ ਆਮ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਸਰਕਾਰ ਦਾ ਉਦੇਸ਼ ਹੈ।ਉਨ੍ਹਾਂ ਕਿਹਾ ਕਿ ਕੰਢੀ ਵਿਚ ਜੰਗਲੀ ਜਾਨਵਰਾਂ ਦੀ ਸਮੱਸਿਆ ਦੇ ਮੱਦੇਨਜ਼ਰ ਲੋਕਾਂ ਲਈ ਐਸੇ ਖੇਤੀ ਢੰਗਾਂ ਦੀ ਸਿਫਾਰਿਸ਼ ਲਈ ਪੀ ਏ ਯੂ ਮਾਹਿਰਾਂ ਕੋਲ ਆਏ ਹਨ, ਜਿਨ੍ਹਾਂ ਨਾਲ ਸਥਿਰ ਖੇਤੀ ਦਾ ਮਾਡਲ ਵਿਕਸਿਤ ਕੀਤਾ ਜਾ ਸਕੇ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੰਢੀ ਇਲਾਕੇ ਵਿਚ ਖੇਤੀ ਦੇ ਵਿਕਾਸ ਦੀਆਂ ਤਕਨੀਕਾਂ ਉੱਪਰ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੀ ਜ਼ਮੀਨ ਨੂੰ ਪੱਥਰ ਤੋਂ ਮੁਕਤ ਕਰਨ ਲਈ ਸਰਕਾਰੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੰਢੀ ਖੇਤਰ ਵਿਚ ਬਾਗਬਾਨੀ ਦੇ ਖੇਤਰ ਵਿਚ ਫਲਾਂ ਤੇ ਵਿਸ਼ੇਸ਼ ਕਰਕੇ ਡਰੈਗਨ ਫਰੂਟ ਦੀ ਖੇਤੀ ਦੀ ਖਾਸ ਸੰਭਾਵਨਾ ਹੈ।

ਸਿੰਚਾਈ ਤਕਨੀਕਾਂ ਵਿਚ ਤੁਪਕਾ ਸਿੰਚਾਈ ਅਤੇ ਊਰਜਾ ਲਈ ਸੌਰ ਊਰਜਾ ਵੀ ਇਲਾਕੇ ਦੀ ਊਰਜਾ ਨੂੰ ਹੁਲਾਰਾ ਦੇਣ ਦੇ ਸਮਰੱਥ ਹੋ ਸਕਦੀ ਹੈ। ਉਨਾਂ ਕਿਹਾ ਕਿ ਫਲਾਂ ਦੀ ਖੇਤੀ ਨੂੰ ਉਤਸ਼ਾਹ ਦੇਣ ਲਈ ਬੱਲੋਵਾਲ ਸੌਂਖੜੀ ਵਿਖੇ ਮਿਆਰੀ ਨਰਸਰੀ ਉਤਪਾਦਨ ਦੀ ਯੋਜਨਾ ਹੈ। ਇਨ੍ਹਾਂ ਸਿਫਾਰਿਸ਼ਾਂ ਨਾਲ ਸਰਕਾਰੀ ਸਹਾਇਤਾ ਮਿਲ ਕੇ ਕੰਢੀ ਇਲਾਕੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਬਿਹਤਰ ਕਰ ਸਕਦੀ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਇਸ ਸੰਬੰਧ ਵਿੱਚ ਹਰ ਤਰ੍ਹਾਂ ਦੀ ਅਗਵਾਈ ਅਤੇ ਸਿਖਲਾਈ ਲਈ ਸਦਾ ਤਿਆਰ ਅਤੇ ਵਚਨਵੱਧ ਹੈ।

ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਉਸ ਇਲਾਕੇ ਵਿਚ ਸਬਜ਼ੀਆਂ ਦੀ ਖੇਤੀ ਲਈ ਵਧੀਆ ਕਿਸਮਾਂ ਦਾ ਜ਼ਿਕਰ ਕੀਤਾ। ਗਾਜਰ ਤੇ ਬੀਜ ਰਹਿਤ ਕੱਦੂ ਦੀ ਕਾਸ਼ਤ ਬਾਰੇ ਉਨ੍ਹਾਂ ਗੱਲ ਕਰਨ ਦੇ ਨਾਲ ਹੀ ਪਾਪਲਰ ਅਤੇ ਸਫੈਦੇ ਰਾਹੀਂ ਵਣ ਖੇਤੀ ਦੇ ਵਿਕਾਸ ਬਾਰੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ।

ਇਸ ਤੋਂ ਬਿਨਾਂ ਆਲੂ ਅਤੇ ਦੇਸੀ ਮੱਕੀ ਦੇ ਨਾਲ ਸੋਇਆਬੀਨ ਦੀ ਖੇਤੀ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ਸਲਾਂ ਲਈ ਪਾਣੀ ਵੀ ਘੱਟ ਲੋੜੀਂਦਾ ਹੈ ਪਰ ਸਰਕਾਰ ਨੂੰ ਇਸ ਇਲਾਕੇ ਵਿਚ ਮੰਡੀਕਰਨ ਦਾ ਪ੍ਰਬੰਧ ਕਰਨ ਬਾਰੇ ਸੋਚਣਾ ਚਾਹੀਦਾ ਹੈ। ਸੋਇਆਬੀਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਟੀਨ ਭਰਪੂਰ ਫ਼ਸਲ ਹੈ ਤੇ ਕੰਢੀ ਨੂੰ ਇਸ ਫ਼ਸਲ ਦਾ ਗੜ੍ਹ ਬਣਾਉਣ ਲਈ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ।

ਡਾ ਢੱਟ ਨੇ ਕਣਕ ਸੋਇਆਬੀਨ ਦੇ ਫ਼ਸਲੀ ਚੱਕਰ ਦੀ ਵਿਸ਼ੇਸ਼ਤਾ ਸਾਂਝੀ ਕੀਤੀ ਅਤੇ ਇਸ ਫ਼ਸਲ ਦੀ ਕਾਸ਼ਤ ਨਾਲ ਵਾਤਾਵਰਨ ਸੰਭਾਲ ਦੇ ਵਿਚਾਰ ਸਾਂਝੇ ਕੀਤੇ। ਇਸ ਸੰਬੰਧ ਵਿਚ ਮਸ਼ੀਨਾਂ ਆਦਿ ਬਾਰੇ ਪੀ ਏ ਯੂ ਕੋਲ ਯੋਗ ਤਕਨਾਲੋਜੀ ਹੈ। ਸਰਕਾਰੀ ਕੋਸ਼ਿਸ਼ਾਂ ਨਾਲ ਇਹ ਯੋਜਨਾ ਅਮਲੀ ਜਾਮਾ ਪਹਿਨ ਸਕਦੀ ਹੈ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਕੰਢੀ ਖੇਤਰ ਦੇ ਛੋਟੇ ਕਿਸਾਨਾਂ ਦੇ ਆਮਦਨ ਵਾਧੇ ਲਈ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ, ਮੁਰਗੀ ਪਾਲਣ ਅਤੇ ਸੂਰ ਪਾਲਣ ਆਦਿ ਕਿੱਤਿਆਂ ਵਿਚ ਜ਼ਮੀਨੇ ਅਤੇ ਬੇਜ਼ਮੀਨੇ ਪਰਿਵਾਰਾਂ ਲਈ ਕਾਫੀ ਮੌਕੇ ਹਨ। ਉਨ੍ਹਾਂ ਨੇ ਸ਼ਹਿਦ ਮੱਖੀ ਪਾਲਣ ਵਿਚ ਪੀ ਏ ਯੂ ਦੇ ਯੋਗਦਾਨ ਨੂੰ ਅੰਕਿਤ ਕਰਦਿਆਂ ਇਸ ਲਈ ਲੋੜੀਂਦੀ ਬਨਸਪਤੀ ਦੀ ਬਹੁਤਾਤ ਦਾ ਜ਼ਿਕਰ ਕੀਤਾ।

ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਪੀ ਏ ਯੂ ਦੇ ਸਿਖਲਾਈ ਢਾਂਚੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਇਲਾਕੇ ਵਿਚ ਕਿਸਾਨਾਂ ਨੂੰ ਦਿੱਤੀਆਂ ਸਿਖਲਾਈਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਸਕਿਲ ਡਿਵੈਲਪਮੈਂਟ ਸੈਂਟਰ ਵਲੋਂ ਪਿੰਡਾਂ ਦੇ ਨੌਜਵਾਨਾਂ ਅਤੇ ਬੀਬੀਆਂ ਨੂੰ ਦਿੱਤੀ ਜਾਣ ਵਾਲੀ 35 ਤਰ੍ਹਾਂ ਦੀ ਖੇਤੀ ਸਿਖਲਾਈ ਦਾ ਹਵਾਲਾ ਦਿੱਤਾ।

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਨੇ ਕੰਢੀ ਇਲਾਕੇ ਦੀਆਂ ਔਰਤਾਂ ਨੂੰ ਸਿੱਖਿਅਤ ਕਰ ਕੇ ਪਰਿਵਾਰਕ ਆਮਦਨ ਵਿੱਚ ਸਹਿਯੋਗ ਦੇ ਮੌਕਿਆਂ ਬਾਰੇ ਗੱਲ ਕੀਤੀ।

ਫਲ ਵਿਗਿਆਨੀ ਡਾ ਜਸਵਿੰਦਰ ਸਿੰਘ ਨੇ ਕੰਢੀ ਖੇਤਰ ਵਿਚ ਫਲਾਂ ਦੀ ਖੇਤੀ ਬਾਰੇ ਪੀ ਏ ਯੂ ਦੀਆਂ ਖੋਜ ਲੱਭਤਾਂ ਸਾਂਝੀਆਂ ਕੀਤੀਆਂ। ਉਨ੍ਹਾਂ ਡਰੈਗਨ ਫਰੂਟ ਅਤੇ ਅਮਰੂਦ ਦੇ ਨਾਲ ਕਿੰਨੂ ਦੀ ਕਾਸ਼ਤ ਲਈ ਕੰਢੀ ਇਲਾਕੇ ਨੂੰ ਆਦਰਸ਼ ਆਖਿਆ ਤੇ ਇਸਦੇ ਲਾਭ ਵੀ ਗਿਣਾਏ। ਨਾਲ ਹੀ ਮੰਡੀਕਰਨ ਦੇ ਅਮਲ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ ਗਈ। ਇਸ ਤੋਂ ਬਿਨਾਂ ਆਮਲੇ ਦੇ ਬੂਟਿਆਂ ਦੀ ਲਵਾਈ ਤੇ ਝਾੜ ਦੇ ਨਾਲ ਨਾਲ ਵਿਕਰੀ ਦੇ ਹਾਲਾਤ ਬਾਰੇ ਗੱਲ ਹੋਈ।

ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਹੇ।

ਅੰਤ ਵਿੱਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ ਨੇ ਡਿਪਟੀ ਸਪੀਕਰ ਦਾ ਪੀ ਏ ਯੂ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਪਰਕਾਸ਼ ਸਿੰਘ ਵੀ ਮੌਜੂਦ ਸਨ।

ਸਮਾਰੋਹ ਦਾ ਸੰਚਾਲਨ ਡਾ ਵਿਸ਼ਾਲ ਬੈਕਟਰ, ਸਹਿਯੋਗੀ ਨਿਰਦੇਸ਼ਕ ਸੰਸਥਾਈ ਸੰਪਰਕ, ਨੇ ਕੀਤਾ।

ਇਸ ਮੌਕੇ ਪੀ ਏ ਯੂ ਦੇ ਉੱਚ ਅਧਿਕਾਰੀਆਂ ਦੇ ਨਾਲ ਵੱਖ ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀਆਂ ਨੇ ਚਰਚਾ ਵਿਚ ਹਿੱਸਾ ਲਿਆ ਅਤੇ ਢੁਕਵੇਂ ਸੁਝਾਅ ਦਿੱਤੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ