ਯੈੱਸ ਪੰਜਾਬ
ਜਲੰਧਰ, 23 ਅਗਸਤ 2024:
ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ।
ਆਸ਼ੂ ਜਲੰਧਰ ਦੀ ਅਦਾਲਤ ਵਿੱਚ ਨਾਭਾ ਹਾਈ ਸਕਿਉਰਿਟੀ ਜੇਲ੍ਹ ਤੋਂ ‘ਵੀਡੀਉ ਕਾਨਫਰੰਸਿੰਗ’ ਰਾਹੀਂ ਪੇਸ਼ ਹੋਏ।
ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਨਿਆਇਕ ਹਿਰਾਸਤ ਵਿੱਚ 5 ਸਤੰਬਰ ਤਕ ਦਾ ਵਾਧਾ ਕਰਦਿਆਂ ਇਸ ਤਾਰੀਖ਼ ’ਤੇ ਉਨ੍ਹਾਂ ਨੂੰ ਹਾਜ਼ਰ ਹੋਣ ਲਈ ਕਿਹਾ ਹੈ।
ਯਾਦ ਰਹੇ ਕਿ ਬੀਤੇ ਦਿਨੀਂ ਈ.ਡੀ. ਦੇ ਜਲੰਧਰ ਸਥਿਤ ਦਫ਼ਤਰ ਵਿੱਚ ਸੰਮਨ ਕੀਤੇ ਗਏ ਭਾਰਤ ਭੂਸ਼ਣ ਆਸ਼ੂ ਨੂੰ ਸਾਰਾ ਦਿਨ ਚੱਲੀ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਰਸਮੀ ਤੌਰ ’ਤੇ ਅਨਾਜ ਟੈਂਡਰ ਘੁਟਾਲੇ ਨਾਲ ਜੁੜੇ ‘ਮਨੀ ਲਾਂਡਰਿੰਗ’ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਦਾਲਤ ਨੇ ਈ.ਡੀ. ਨੂੰ ਉਨ੍ਹਾਂ ਦਾ ਦੋ ਵਾਰ 5-5 ਦਿਨ ਲਈ ਰਿਮਾਂਡ ਦਿੱਤਾ ਸੀ।
ਇਸ ਮਗਰੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੂੰ ਨਾਭਾ ਜੇਲ੍ਹ ਵਿੱਚ ਭੇਜਿਆ ਗਿਆ ਸੀ। ਇਹ ਵੀ ਵਰਨਣਯੋਗ ਹੈ ਕਿ ਕਾਂਗਰਸ ਆਗੂ ਨੂੰ ਪਹਿਲਾਂ ਪੰਜਾਬ ਵਿਜੀਲੈਂਸ ਬਿਓਰੋ ਨੇ ਵੀ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਅਜੇ ਬੀਤੇ ਕਲ੍ਹ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨਾਲ ਨਾਭਾ ਜੇਲ੍ਹ ਵਿੱਚ ਲਗਪਗ 2 ਘੰਟੇ ਲਈ ਮੁਲਾਕਾਤ ਕੀਤੀ ਸੀ।