ਅੱਜ-ਨਾਮਾ
ਯੂਕਰੇਨ ਵੱਲ ਨੂੰ ਕਹਿੰਦੇ ਨੇ ਗਿਆ ਮੋਦੀ,
ਯਤਨ ਕਰੂ ਉਹ ਰੋਕਣ ਲਈ ਜੰਗ ਬੇਲੀ।
ਗਲੀ-ਬਾਜ਼ਾਰ ਸਭ ਨੱਚੇ ਪਈ ਮੌਤ ਓਥੇ,
ਜ਼ਿੰਦਗੀ ਜੀਵਨ ਤੋਂ ਬੜੀ ਆ ਤੰਗ ਬੇਲੀ।
ਰੁਕਣੀ ਚਾਹੀਦੀ ਜੰਗ, ਆ ਕੇ ਕੋਈ ਰੋਕੇ,
ਸਾਰੇ ਸੰਸਾਰ ਵਿੱਚ ਹੋਵੇ ਪਈ ਮੰਗ ਬੇਲੀ।
ਚੁਆਤੀ ਲਾਈ ਜਾਂ ਜੰਗ ਲਵਾਈ ਜੀਹਨਾਂ,
ਉਹ ਵੀ ਰੋਕਣ ਦਾ ਦੱਸ ਰਹੇ ਢੰਗ ਬੇਲੀ।
ਮੋਦੀ ਗਿਆ ਸੀ ਰੂਸ ਵੱਲ ਜਿਵੇਂ ਪਹਿਲਾਂ,
ਦੂਸਰੇ ਪਾਸੇ ਵੀ ਗਿਆ ਫਿਰ ਚਲਾ ਬੇਲੀ।
ਪਤਾ ਨਹੀਂ ਨਿਕਲਣਾ ਅੰਤ ਨੂੰ ਕੀ ਸਿੱਟਾ,
ਮੰਗਣਾ ਲੋੜੀਏ ਸਰਬੱਤ ਦਾ ਭਲਾ ਬੇਲੀ।
ਤੀਸ ਮਾਰ ਖਾਂ
23 ਅਗਸਤ, 2024