Friday, October 4, 2024
spot_img
spot_img
spot_img
spot_img
spot_img

15 ਅਕਤੂਬਰ ਤਕ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਦਮ ਨਾ ਚੁੱਕੇ ਤਾਂ ਵੱਡਾ ਸੰਘਰਸ਼ ਵਿੱਢਾਂਗੇ: ਬਾਬਾ ਬਕਾਲਾ ਵਿੱਚ ਹੋਏ ਪੰਥਕ ਇਕੱਠ ਨੇ ਕੀਤਾ ਐਲਾਨ

ਬਾਬਾ ਬਕਾਲਾ ਸਾਹਿਬ
ਅੰਮ੍ਰਿਤਸਰ, 19 ਅਗਸਤ, 2024

ਅੱਜ ਇੱਥੇ ਸਾਚਾ ਗੁਰ ਲਾਧੋ ਰੇ, ਰੱਖੜ ਪੁੰਨਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਗਰਮੀ ਅਤੇ ਹੁੰਮ੍ਹਸ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਸੱਦੀ ਪੰਥਕ ਕਾਨਫ਼ਰੰਸ ਪੰਥਕ ਕਾਨਫ਼ਰੰਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ।

ਪੰਥਕ ਕਾਨਫ਼ਰੰਸ ਦੀ ਅਗਵਾਈ ਕਿਉਂਕਿ ਬਾਬਾ ਬਕਾਲਾ ਸਾਹਿਬ ਸ਼੍ਰੀ ਖਡੂਰ ਸਾਹਿਬ ਹਲਕੇ ਵਿੱਚ ਪੈਂਦਾ ਹੈ ਇਸ ਲਈ ਚੋਣਾਂ ਵਿੱਚ ਸਰਗਰਮ ਰਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਸ ਮੌਕੇ ਬਾਪੂ ਤਰਸੇਮ ਸਿੰਘ ਭਾਈ ਸਰਬਜੀਤ ਸਿੰਘ ਮਲੋਆ ਐਮ ਪੀ ਫ਼ਰੀਦਕੋਟ ਭਾਈ ਸੁਖਵਿੰਦਰ ਸਿੰਘ ਅਗਵਾਨ ਭਾਈ ਚਮਕੌਰ ਸਿੰਘ ਧੁੰਨ ਭਾਈ ਜੁਝਾਰ ਸਿੰਘ ਸੱਥ ਜਥੇਬੰਦੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਦਲਜੀਤ ਸਿੰਘ, ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਰੱਖੇ।

ਸਭ ਤੋ ਵੱਡੀ ਗੱਲ ਪੁਰਾਣੇ ਪੰਥਕ ਕਹਾਉਂਦੇ ਲੀਡਰ ਇਸ ਕਾਨਫ਼ਰੰਸ ਵਿੱਚੋਂ ਗ਼ੈਰਹਾਜ਼ਰ ਹੀ ਰਹੇ ਕਿਉਂਕਿ ਉਨ੍ਹਾਂ ਨੂੰ ਟੀਮ ਅੰਮ੍ਰਿਤਪਾਲ ਸਿੰਘ ਵੱਲੋਂ ਸੱਦਾ ਹੀ ਨਹੀਂ ਦਿੱਤਾ ਗਿਆ ਸੀ । ਅਕਾਲੀਆਂ ਦੇ ਬਾਗ਼ੀ ਧੜੇ ਵੱਲੋਂ ਭਾਵੇਂ ਭਾਈ ਮਨਜੀਤ ਸਿੰਘ ਭੂਰਾ ਕੋਹਨਾਂ ਹਾਜ਼ਰ ਹੋਇਆ ਪਰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ । ਇਸ ਮੌਕੇ ਮੈਂਬਰ ਲੋਕ ਸਭਾ ਅਤੇ ਵਾਰਸ ਪੰਜਾਬ ਦੇ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਡਿਬਰੂਗੜ ਜੇਲ੍ਹ ਵਿੱਚੋਂ ਸਿੱਖ ਕੌਮ ਦੇ ਨਾਮ ਸੁਨੇਹਾ ਸਭ ਨੂੰ ਸੁਣਾਇਆ ਗਿਆ।

ਭਾਰੀ ਇਕੱਠ ਦੌਰਾਨ ਸਤ ਮਤੇ ਪਾਸ ਕੀਤੇ ਗਏ । ਪਹਿਲੇ ਮਤੇ ’ਚ ਸਮੂਹ ਪੰਥ ਦੇ ਦਰਦਮੰਦਾਂ ਨੂੰ ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ, ਜੋ ਪੰਥਕ ਟੀਚੇ ਤੋਂ ਭਟਕ ਕੇ ਸਿੱਖ ਰਵਾਇਤਾਂ ਅਤੇ ਸਿੱਖ ਸਿਧਾਂਤਾਂ ਨੂੰ ਖੋਰਾ ਲਾ ਰਹੇ ਪੰਥ ਦੋਖੀਆਂ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਾਉਣ ਲਈ ਨਵੀਂ ਰੂਪ ਰੇਖਾ ਉਲੀਕੀ ਗਈ ।ਮਤੇ ’ਚ ਕਿਹਾ ਕਿ ਇਹ ਇਕੱਠ ਫ਼ੈਸਲਾ ਕਰਦਾ ਹੈ ਕਿ ਖਿੰਡੀ ਪੁੰਡੀ ਪੰਥਕ ਤਾਕਤ ਨੂੰ ਜਾਗਰੂਕ ਅਤੇ ਇੱਕਮੁੱਠ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ ਦੇ ਕਬਜ਼ੇ ਵਿੱਚ ਰਹਿਣ ਕਰਕੇ, ਆਪਣੇ ਪੰਥਕ ਟੀਚੇ ਤੋਂ ਭਟਕ ਕੇ ਸਿੱਖ ਰਵਾਇਤਾਂ ਅਤੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਦੇ ਰਸਤੇ ਉੱਪਰ ਚੱਲ ਰਹੀਆਂ ਹਨ ।ਇਹਨਾਂ ਜਥੇਬੰਦੀਆਂ ਉੱਪਰ ਕਾਬਜ਼ ਬਾਦਲ ਪਰਿਵਾਰ ਅਤੇ ਉਹਨਾਂ ਦੀ ਚਾਪਲੂਸ ਜੁੰਡਲੀ ਨੇ ਬੀਤੇ ਸਮੇਂ ਵਿੱਚ ਆਪਣੀ ’ਰਾਜਸੀ ਹਵਸ’ ਅਧੀਨ ਸਿੱਖ ਕੌਮ ਨਾਲ ਜੋ ਧ੍ਰੋਹ ਕਮਾਏ ਹਨ, ਇਤਿਹਾਸ ਵਿੱਚ ਇਸ ਤਰ੍ਹਾਂ ਦੇ ਘਟੀਆ ਕਿਰਦਾਰ ਦੀ ਕੋਈ ਮਿਸਾਲ ਨਜ਼ਰ ਨਹੀਂ ਆਉਂਦੀ।

ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਰਾਹੀ ਹੋਂਦ ਵਿੱਚ ਆਏ ਸਨ ਅਤੇ ਸਿੱਖਾਂ ਨੇ ਆਪਣੇ ਲਹੂ ਦੀ ਕੀਮਤ ਤਾਰ ਕੇ ਇਹਨਾਂ ਸੰਸਥਾਵਾਂ ਦੇ ਰੁਤਬੇ ਅਤੇ ਮਾਣ ਮਰਯਾਦਾ ਨੂੰ ਹਮੇਸ਼ਾਂ ਕਾਇਮ ਰੱਖਿਆ ਹੈ । ਇਹ ਸੰਸਥਾਵਾਂ ਕਿਸੇ ਪਰਿਵਾਰ ਜਾਂ ਧੜੇ ਦੀ ਬਜਾਏ ਪੰਥ ਦੀ ਸਾਂਝੀ ਅਮਾਨਤ ਹਨ।

ਇਸ ਸੰਦਰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੂਹ ਸੁਹਿਰਦ ਪੰਥਕ ਧਿਰਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਸਹਿਯੋਗ ਨਾਲ ਲੜੀਆਂ ਜਾਣ।

ਜਦੋਂ ਹੁਕਮਰਾਨਾਂ ਨੇ ਸਾਡੀ ਹੋਂਦ ਤੇ ਨਿਆਰੀ ਹਸਤੀ ਨੂੰ ਨਿਸ਼ਾਨਾਂ ਬਣਾਇਆ ਹੋਇਆ ਹੈ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਧਾਰਮਿਕ ਅਤੇ ਰਾਜਸੀ ਮਤਭੇਦਾਂ ਨੂੰ ਭੁਲਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਸਾਂਝੇ ਯਤਨ ਅਰੰਭੀਏ ਅਤੇ ਸਾਂਝੇ ਯਤਨਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਾਉਣ ਅਤੇ ਚੋਣਾਂ ਲਈ ਸਾਂਝੇ ਗੁਰਸਿੱਖ ਉਮੀਦਵਾਰਾਂ ਦੀ ਨਿਸ਼ਾਨਦੇਹੀ ਦਾ ਕੰਮ ਬਿਨਾਂ ਦੇਰੀ ਤੋਂ ਅਰੰਭਿਆ ਜਾਵੇ।

ਇਸ ਲਈ ਅੱਜ ਦਾ ਇਹ ਇਕੱਠ ਖ਼ਾਲਸਾ ਪੰਥ ਅੱਗੇ ਆਪਣੀ ਸੁਝਾਅ ਰੂਪੀ ਜੋਦੜੀ ਕਰਦਾ ਹੈ ਕਿ ਜਿਸ ਤਰ੍ਹਾਂ ਸਾਡੇ ਪੁਰਾਤਨ ਅਕਾਲੀ ਯੋਧਿਆਂ ਨੇ ਇਤਿਹਾਸ ਵਿੱਚ ਕੌਮ ਦੀ ਖਿੰਡੀ ਤਾਕਤ ਨੂੰ ਅਕਾਲੀ ਜਥਿਆਂ ਦੇ ਰੂਪ ਵਿੱਚ ਜਥੇਬੰਦ ਕਰਕੇ ਮਹੰਤਾਂ ਤੋਂ ਗੁਰਧਾਮ ਅਜ਼ਾਦ ਕਰਾਏ ਸੀ, ਸਾਨੂੰ ਵੀ ਆਪਣੀਆਂ ਧੜੇਬੰਦਕ ਵਲਗਣਾਂ ਤੋਂ ਉੱਪਰ ਉੱਠ ਕੇ ਉਸੇ ਤਰਜ਼ ਤੇ ਕੌਮ ਦੀ ਖਿੰਡੀ ਤਾਕਤ ਨੂੰ ਪਿੰਡ ਪੱਧਰ ਤੇ ਅਕਾਲੀ ਜਥਿਆਂ ਦੇ ਰੂਪ ਵਿੱਚ ਸੰਗਠਿਤ ਕਰਕੇ ਸ੍ਰੀ ਅਕਾਲ ਤਖ਼ਤ ਸਮੇਤ ਸਾਡੇ ਗੁਰਧਾਮਾਂ ਅਤੇ ਸੰਸਥਾਵਾਂ ਨੂੰ ਅਜ਼ਾਦ ਕਰਨ ਦੇ ਯਤਨ ਅਰੰਭਣੇ ਚਾਹੀਦੇ ਹਨ।

ਇਹੀ ਅਕਾਲੀ ਜਥੇ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਪੁਨਰ ਸਿਰਜਣਾ ਲਈ ਸਾਡੀ ਤਾਕਤ ਬਣਨਗੇ। ਇਤਿਹਾਸ ਗਵਾਹ ਹੈ ਕਿ ਇਹਨਾਂ ਅਕਾਲੀ ਜਥਿਆਂ ਨੇ ਹੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਸਿਰਜਣਾ ਕੀਤੀ ਸੀ ।ਇਹ ਅਕਾਲੀ ਜਥੇ ਖਿੰਡੀ ਹੋਈ ਕੌਮ ਨੂੰ ਇੱਕ ਲੜੀ ਵਿੱਚ ਪਰੋਣ ਦਾ ਵਸੀਲਾ ਸਾਬਤ ਹੋਣਗੇ।

ਅੱਜ ਦਾ ਇਹ ਇਕੱਠ ਪੰਥ ਲਈ ਦਰਦਮੰਦ ਹਰੇਕ ਸ਼ਖ਼ਸੀਅਤ ਅਤੇ ਹਰੇਕ ਪੰਥਕ ਧਿਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਪੀਲ ਕਰਦਾ ਕਿ ਅਕਾਲੀ ਜਥਿਆਂ ਦੇ ਗਠਨ ਦੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਆਪਣੀ ਵਿਧਾਨਿਕ ਜ਼ਿੰਮੇਵਾਰੀ ਨਿਭਾਵੇ।

ਐੱਮ ਪੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜੇਲ੍ਹ ’ਚ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਹਕੂਮਤ ਨੇ ਸਾਡੇ ’ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ, ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ।

ਜਿਹੜੀਆਂ ਸੰਗਤਾਂ ਨੇ ਸਾਡੀ ਰੂਪੋਸ਼ੀ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੇ ਹਕੂਮਤੀ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ, ਉਹਨਾਂ ਨੂੰ ਸਰਕਾਰ ਨੇ ਜਬਰ ਨਾਲ ਦਬਾਉਣ ’ਚ ਕੋਈ ਕਸਰ ਨਹੀਂ ਛੱਡੀ। ਸਾਡਾ ਕੌਮੀ ਨਿਸ਼ਾਨਾ ਸਪਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ। 18ਵੀਂ ਸਦੀ ਦੇ ਔਖੇ ਵੇਲਿਆਂ ਵਿੱਚ ਵੀ ਖ਼ਾਲਸਾ ਰਾਜ ਦੀ ਅਵਾਜ਼ ਜੰਗਲਾਂ ਬੇਲਿਆਂ ਵਿੱਚ ਗੂੰਜਾਂ ਪਾਉਂਦੀ ਰਹੀ ਸੀ।

ਵੀਹਵੀਂ ਸਦੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭੇ ਸੰਘਰਸ਼ ਦੌਰਾਨ ਹਜ਼ਾਰਾਂ ਸ਼ਹਾਦਤਾਂ ਦੇ ਕੇ ਅਸੀਂ ਗੁਰੂ ਨਾਲ਼ ਕੀਤੇ ਇਸ ਬਚਨ ਨੂੰ ਦੁਹਰਾਉਂਦੇ ਰਹੇ ਹਾਂ। ਸਿੱਖ ਲਈ ਖ਼ਾਲਸਾ ਰਾਜ ਦਾ ਸੰਕਲਪ ਆਪਣੇ ਗੁਰੂ ਨਾਲ਼ ਲਿਵ ਦਾ ਮਾਰਗ ਹੈ। ਖ਼ਾਲਸਾ ਰਾਜ ਹੀ ਸ਼ਬਦ ਗੁਰੂ ਦੇ ਵਿਵਹਾਰਿਕ ਅਮਲ ਦੀ ਸਿਖਰ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਲ਼ ਲਿਵ ਦੇ ਇਸ ਬਚਨ ਨੂੰ ਭੁਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਔਝੜ ਰਾਹਾਂ ਦੇ ਸ਼ਿਕਾਰ ਹੋ ਜਾਵਾਂਗੇ।

ਮੁੱਖ ਧਾਰਾ ਦੀ ਗੱਲ ਕਰਨ ਵਾਲ਼ੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ।ਜਿਹੜੀ ਹਕੂਮਤ, ਜਿਹੜਾ ਸਿਸਟਮ ਸਾਡੇ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਰਿਹਾਅ ਕਰਨ ਲਈ ਤਿਆਰ ਨਹੀਂ, ਉਸ ਤੋਂ ਕਿਸੇ ਵੀ ਤਰ੍ਹਾਂ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ। ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਥਾਲ਼ੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ।

ਇਹ ਹਕੂਮਤ ਅਤੇ ਸਿਸਟਮ ਤਾਂ ਸਾਡੀ ਹੋਂਦ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦਾ ਹੈ। ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਅਤੇ ਹੁਣ ਨਸ਼ਿਆਂ ਨੂੰ ਹਥਿਆਰ ਬਣਾ ਕੇ ਕੀਤੀ ਜਾ ਰਹੀ ਨਸਲਕੁਸ਼ੀ ਇਸ ਦੀ ਪ੍ਰਤੱਖ ਮਿਸਾਲ ਹੈ। ਅਸੀਂ ਆਪਣੀ ਕੌਮੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਹੈ।

ਹਰ ਹਾਲਾਤ ਅੰਦਰ ਚੜ੍ਹਦੀ ਕਲਾ ਅਤੇ ਗੁਰੂ ਉੱਪਰ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤਕ ਲੈ ਕੇ ਜਾਵੇਗਾ। ਪੰਥਕ ਜਜ਼ਬਾ ਅਤੇ ਸਿੱਖ ਇਖ਼ਲਾਕ ਦੀ ਬੁਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾਂ ਅੰਗ ਸੰਗ ਹੋਵੇਗਾ।

ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ਼ ਇਹ ਬਚਨ ਕੀਤਾ ਹੋਇਆ ਕਿ ਖ਼ਾਲਸਾ ਜਦ ਤਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਰੂਪੀ ਤਾਕਤ ਖ਼ਾਲਸੇ ਦੀ ਝੋਲ਼ੀ ਪਾਉਂਦੇ ਰਹਿਣਗੇ। ਭਵਿੱਖ ਵਿੱਚ ਸਮੇਂ-ਸਮੇਂ ਤੁਹਾਡੇ ਨਾਲ਼ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫ਼ਤਿਹ ਬੁਲਾਉਂਦਾ ਹਾਂ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ