ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 14, 2024:
ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਵੇਗਾਸ , ਨੇਵਾਡਾ ਵਿਚ ਇਕ ਰੈਲੀ ਦੌਰਾਨ ਐਲਾਨ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਗਈ ਤਾਂ ਹੋਟਲਾਂ ਤੇ ਹੋਰ ਮਹਿਮਾਨ ਨਿਵਾਜ਼ੀ ਦੇ ਸਥਾਨਾਂ ‘ਤੇ ਗਾਹਕਾਂ ਵੱਲੋਂ ਦਿੱਤੇ ਜਾਂਦੇ ‘ਟਿਪਸ’ ਉਪਰ ਸੰਘੀ ਟੈਕਸ ਖਤਮ ਕਰ ਦੇਣਗੇ।
ਹੈਰਿਸ ਨੇ ਕਿਹਾ ਕਿ ਇਥੇ ਮੌਜੂਦ ਹਰ ਇਕ ਵਿਅਕਤੀ ਨਾਲ ਇਹ ਮੇਰਾ ਵਾਅਦਾ ਹੈ ਕਿ ਇਕ ਰਾਸ਼ਟਰਪਤੀ ਵਜੋਂ ਉਹ ਘੱਟੋ ਘੱਟ ਮਜ਼ਦੂਰੀ ਵਧਾਉਣ ਤੇ ਸੇਵਾ ਅਤੇ ਮਹਿਮਾਨ ਨਿਵਾਜ਼ੀ ਬਦਲੇ ਮਿਲਦੇ ਪੈਸੇ ਉਪਰ ਟੈਕਸ ਖਤਮ ਕਰਨ ਸਮੇਤ ਕੰਮਕਾਜੀ ਪਰਿਵਾਰਾਂ ਦੇ ਹੋਰ ਹਿੱਤਾਂ ਲਈ ਕੰਮ ਕਰਨਗੇ।
ਇਥੇ ਜਿਕਰਯੋਗ ਹੈ ਕਿ ਟਰੰਪ ਨੇ ਵੀ ਲਾਸ ਵੇਗਾਸ ਵਿਚ ਜੂਨ ਵਿਚ ਕੀਤੀ ਰੈਲੀ ਦੌਰਾਨ ਇਸ ਕਿਸਮ ਦੀ ਤਜਵੀਜ ਦਾ ਐਲਾਨ ਕੀਤਾ ਸੀ।
ਹੈਰਿਸ ਦੇ ਐਲਾਨ ਉਪਰੰਤ ਡੋਨਲਡ ਟਰੰਪ ਨੇ ਸੋੋਸ਼ਲ ਮੀਡੀਆ ਉਪਰ ਦੋਸ਼ ਲਾਇਆ ਕਿ ਡੈਮੋਕਰੈਟਿਕ ਉਮੀਦਵਾਰ ਨੇ ਉਸ ਦੀ ਤਜਵੀਜ਼ ਚੋਰੀ ਕੀਤੀ ਹੈ।
ਟਰੰਪ ਨੇ ਲਿਖਿਆ ਹੈ ” ਕਮਲਾ ਹੈਰਿਸ ਜਿਸ ਦੇ ਐਸ਼ ਦੇ ਦਿਨ ਖਤਮ ਹੋ ਰਹੇ ਹਨ, ਨੇ ਮੇਰੀ ‘ਨੋ ਟੈਕਸ ਆਨ ਟਿਪਸ ਪਾਲਸੀ’ ਦੀ ਕਾਪੀ ਕੀਤੀ ਹੈ। ਇਹ ਟਰੰਪ ਦੀ ਨੀਤੀ ਹੈ, ਉਸ ਕੋਲ ਕੋਈ ਨੀਤੀ ਨਹੀਂ ਹੈ, ਉਹ ਕੇਵਲ ਮੇਰੇ ਕੋਲੋਂ ਚੋਰੀ ਕਰ ਸਕਦੀ ਹੈ।”