ਯੈੱਸ ਪੰਜਾਬ
ਪਟਿਆਲਾ, 13 ਅਗਸਤ, 2024:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਟਿਆਲਾ ਕੇਂਦਰੀ ਜੇਲ੍ਹ ਵਿਖ਼ੇ ਕੈਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ।
ਬਲਵੰਤ ਸਿੰਘ ਰਾਜੋਆਣਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਸੁਣਾਏ ਜਾਣ ਮਗਰੋਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ।
ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਰਾਜੋਆਣਾ ਨਾਲ ਇਸ ਮੁਲਾਕਾਤ ਬਾਰੇ ਮੀਡੀਆ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।
ਮੁਲਾਕਾਤ ਮਗਰੋਂ ਜੇਲ੍ਹ ਤੋਂ ਬਾਹਰ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਪਰਿਵਾਰਕ ਮੁਲਾਕਾਤ ਸੀ। ਉਨ੍ਹਾਂ ਨੇ ਰਾਜੋਆਣਾ ਨਾਲ ਹੋਈ ਗੱਲਬਾਤ ਦਾ ਕੋਈ ਹੋਰ ਵੇਰਵਾ ਨਹੀਂ ਦਿੱਤਾ।
ਉਂਜ ਸਮਝਿਆ ਜਾਂਦਾ ਹੈ ਕਿ ਇਹ ਮੁਲਾਕਾਤ ਰਾਜੋਆਣਾ ਦੀ ਸ਼੍ਰੋਮਣੀ ਕਮੇਟੀ ਨਾਲ ਨਾਰਾਜ਼ਗੀ ਪ੍ਰਤੀ ਹੋ ਸਕਦੀ ਹੈ। ਰਾਜੋਆਣਾ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੂੰ ਆਖ਼ ਰਹੇ ਹਨ ਕਿ ਕਮੇਟੀ ਵੱਲੋਂ ਉਨ੍ਹਾਂ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਪਾਈ ਅਤੇ ਅਜੇ ਤੱਕ ਲੰਬਿਤ ਚੱਲ ਰਹੀ ਪਟੀਸ਼ਨ ਨੂੰ ਵਾਪਸ ਲੈ ਲੈਣ।
ਉਨ੍ਹਾਂ ਨੇ ਇਸ ਸੰਬੰਧ ਵਿੱਚ ਜੇਲ੍ਹ ਅੰਦਰ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਸੀ ਪਰ ਉਨ੍ਹਾਂ ਨੂੰ ਮਨਾ ਲਿਆ ਗਿਆ ਸੀ ਕਿ ਕਮੇਟੀ ਇਸ ਸੰਬੰਧ ਵਿੱਚ ਲੋੜੀਂਦੀ ਚਾਰਾਜੋਈ ਕਰੇਗੀ ਪਰ ਸਥਿਤੀ ਅਜੇ ਵੀ ਜਿਉਂ ਦੀ ਤਿਉਂ ਹੈ ਅਤੇ ਕੇਂਦਰ ਸਰਕਾਰ ਕੋਈ ਰਾਹਤ ਦੇਣ ਨੂੰ ਤਿਆਰ ਨਹੀਂ ਹੈ।