ਯੈੱਸ ਪੰਜਾਬ
ਚੰਡੀਗੜ੍ਹ, 13 ਅਗਸਤ, 2024:
ਹਰਿਆਣਾ ਵਿੱਚ ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲਾਤਕਾਰ ਅਤੇ ਕਤਲ ਮਾਮਲਿਆਂ ਦੇ ਦੋਸ਼ੀ ਅਤੇ ਡੇਰਾ ਸਿਰਸਾ ਦੇ ਮੁਖ਼ੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫ਼ਿਰ 21 ਦਿਨਾਂ ਦੀ ਫ਼ਰਲੋ ਮਿਲੀ ਹੈ।
ਬਲਾਤਕਾਰ ਅਤੇ ਕਤਲ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਤਹਿਤ ਹਰਿਆਣਾ ਅੰਦਰ ਰੋਹਤਕ ਦੀ ਸੁਨਰੀਆ ਜੇਲ੍ਹ ਵਿੱਚ 2017 ਤੋਂ ਬੰਦ ਰਾਮ ਰਹੀਮ ਨੂੰ ਪਿਛਲੇ ਚਾਰ ਸਾਲਾਂ ਵਿੱਚ 10 ਵਾਰ ਪੈਰੋਲ ਜਾਂ ਫ਼ਰਲੋ ’ਤੇ ਰਿਹਾਅ ਕੀਤਾ ਜਾ ਚੁੱਕਾ ਹੈ।
ਮੰਗਲਵਾਰ ਸਵੇਰੇ ਇਹ ਹੁਕਮ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਉੱਤਰ ਪ੍ਰਦੇਸ਼ ਵਿੱਚ ਬਾਗਪਤ ਸਥਿਤ ਆਪਣੇ ਡੇਰੇ ਲਈ ਰਵਾਨਾ ਹੋ ਗਿਆ।
ਰਾਮ ਰਹੀਮ ਨੂੰ ਆਖ਼ਰੀ ਵਾਰ ਜਨਵਰੀ ਮਹੀਨੇ ਵਿੱਚ 50 ਦਿਨ ਦੀ ਪੈਰੋਲ ਮਿਲੀ ਸੀ।
ਰਾਮ ਰਹੀਮ ਨੂੰ ਅਗਸਤ 2017 ਵਿੱਖਚ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਜਨਵਰੀ 2019 ਵਿੱਚ ਪੰਚਕੂਲਾ ਦੀ ਇੱਕ ਵਿਸ਼ੇਸ਼ ਸੀ.ਬੀ.ਆਈ.ਅਦਾਲਤ ਨੇ ਵੀ ਰਾਮ ਰਹੀਮ ਅਤੇ ਤਿੰਨ ਹੋਰਾਂ ਨੂੰ 16 ਸਾਲ ਪਹਿਲਾਂ ਹੋਏ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
25 ਅਗਸਤ 2017 ਨੂੰ ਉਸ ਦੇ ਦੋਸ਼ੀ ਠਹਿਰਾਏ ਜਾਣ ਕਾਰਨ ਪੰਚਕੂਲਾ ਅਤੇ ਸਿਰਸਾ ਵਿੱਚ ਹੋਈ ਹਿੰਸਾ ਵਿੱਚ 41 ਲੋਕ ਮਾਰੇ ਗਏ ਸਨ ਅਤੇ 260 ਤੋਂ ਵੱਧ ਜ਼ਖ਼ਮੀ ਹੋਏ ਸਨ।
ਰਾਮ ਰਹੀਮ ਦੀ ਰਿਹਾਈ ਦੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸਿਖ਼ਰਲੀ ਗੁਰਦੁਆਰਾ ਸੰਸਥਾ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਡੇਰਾ ਮੁਖ਼ੀ ਕਤਲ ਅਤੇ ਬਲਾਤਕਾਰ ਵਰਗੇ ਗੰਭੀਰ ਅਪਰਾਧਾਂ ਲਈ ਕਈ ਸਜ਼ਾਵਾਂ ਭੁਗਤ ਰਿਹਾ ਹੈ ਅਤੇ ਜੇਕਰ ਉਹ ਰਿਆਹ ਹੁੰਦਾ ਹੈ ਤਾਂ ਇਹ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਵੇਗਾ ਅਤੇ ਇਸ ਨਾਲ ਜਨਤਕ ਵਿਵਸਥਾ ’ਤੇ ਵੀ ਮਾੜਾ ਅਸਰ ਪਵੇਗਾ।
ਫ਼ਰਵਰੀ ਵਿੱਚ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਸੀ ਕਿ ਉਹ ਡੇਰਾ ਮੁਖੀ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਹੋਰ ਪੈਰੋਲ ਨਾ ਦੇਣ।
ਜ਼ਿਕਰਯੋਗ ਹੈ ਕਿ ਹੁਣੇ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਕਿਹਾ ਸੀ ਕਿ ਰਾਮ ਰਹੀਮ ਵੱਲੋਂ ਆਰਜ਼ੀ ਰਿਹਾਈ ਲਈ ਦਿੱਤੀ ਕੋਈ ਵੀ ਅਰਜ਼ੀ ਹਰਿਆਣਾ ਸਰਕਾਰ ਦੀ ਸਮਰੱਥ ਅਥਾਰਟੀ ਹੀ ਬਿਨਾਂ ਕਿਸੇ ਪੱਖਪਾਤ ਜਾਂ ਪਹਿਲ ਦੇ ਆਧਾਰ ’ਤੇ ਸੰਬੰਧਤ ਕਾਨੂੰਨ ਅਨੁਸਾਰ ਵਿਚਾਰੀ ਜਾਵੇ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਨੇ ਵੀ ਜੂਨ ’ਚ ਹਾਈ ਕੋਰਟ ਦਾ ਰੁਖ਼ ਕੀਤਾ ਸੀ, ਜਿਸ ’ਚ ਉਸਨੂੰ 21 ਦਿਨਾਂ ਦੀ ਛੁੱਟੀ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।
ਰਾਮ ਰਹੀਮ ਨਵੰਬਰ 2023 ਵਿੱਚ 21 ਦਿਨਾਂ ਲਈ ਜੇਲ੍ਹ ਤੋਂ ਰਿਹਾਅ ਹੋਇਆ ਸੀ, ਉਸਨੂੰ ਪਿਛਲੇ ਸਾਲ ਤਿੰਨ ਵਾਰ ਪੈਰੋਲ ਮਿਲੀ ਸੀ। ਹੁਣ ਤਕ ਉਸਨੂੰ 205 ਦਿਨਾਂ ਲਈ ਪੈਰੋਲ ਅਤੇ ਫ਼ਰਲੋ ਮਿਲ ਚੁੱਕੀ ਹੈ।