ਯੈੱਸ ਪੰਜਾਬ
ਤਰਨ ਤਾਰਨ, 12 ਅਗਸਤ, 2024
ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਟਰੱਕ ਹਾਦਸੇ ਵਿੱਚ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਤੇਜਬੀਰ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਪੱਟੀ ਵਿੱਚ ਸਥਿਤ ਪਿੰਡ ਮਨਹਾਲਾ ਜੈ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਅਤੇ ਲਗਪਗ ਦੋ ਸਾਲ ਪਹਿਲਾਂ ਆਪਣੀ ਪਤਨੀ ਜਗਰੂਪ ਕੌਰ ਵੱਲੋਂ ਬੁਲਾਏ ਜਾਣ ’ਤੇ ਕੈਨੇਡਾ ਗਿਆ ਸੀ ਅਤੇ ਉੱਥੇ ਟਰੱਕ ਚਲਾਉਂਦਾ ਸੀ।
ਉਹ ਬੀਤੇ ਦਿਨੀਂ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਗਿਆ ਸੀ ਜਿੱਥੇ ਉਸਦਾ ਟਰੱਕ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸਨੂੰ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਉਹ ਦਮ ਤੋੜ ਗਿਆ।
ਇਹ ਮੰਦਭਾਗੀ ਖ਼ਬਰ ਮਿਲਣ ’ਤੇ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਤੇਜਬੀਰ ਸਿੰਘ ਦੇ ਪਿਤਾ ਅਨੁਸਾਰ ਉਨ੍ਹਾਂ ਦੀ ਬੇਟੀ ਪਹਿਲਾਂ ਹੀ ‘ਪੈਰਾਲਾਈਜ਼ਡ’ ਹੋਣ ਕਰਕੇ ਬਿਸਤਰੇ ’ਤੇ ਹੈ ਅਤੇ ਹੁਣ ਇਹ ਖ਼ਬਰ ਉਨ੍ਹਾਂ ਲਈ ਹੋਰ ਦੁੱਖਾਂ ਦਾ ਪਹਾੜ ਲੈ ਕੇ ਆਈ ਹੈ ਕਿਉਂਕਿ ਤੇਜਬੀਰ ਹੀ ਆਪਣੇ ਘਰ ਵਿੱਚੋਂ ਕਮਾਉਣ ਵਾਲਾ ਸੀ।
ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਘਰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਸਹਿਯੋਗ ਦੇਣ।