ਅੱਜ-ਨਾਮਾ
ਬਾਹਲਾ ਤੇਜ਼ ਟਰੰਪ ਰਿਹਾ ਚੜ੍ਹੀ ਆਉਂਦਾ,
ਹੋ ਗਈ ਢਿੱਲੀ ਅਚਾਨਕ ਰਫਤਾਰ ਮੀਆਂ।
ਬਾਇਡਨ ਬੁੱਢਾ ਸੀ ਟੱਕਰ ਨਾ ਲੈਣ ਜੋਗਾ,
ਟੱਕਰ ਛੱਡ ਗਿਆ ਅੱਧ ਵਿਚਕਾਰ ਮੀਆਂ।
ਕਮਲਾ ਹੈਰਿਸ ਨੇ ਚੁੱਕੀ ਫਿਰ ਆਣ ਝੰਡੀ,
ਆਉਂਦੇ ਚੁੱਕ ਲਿਆ ਓਸ ਨੇ ਭਾਰ ਮੀਆਂ।
ਹਵਾ ਬਦਲੀ ਸਰਵੇਖਣ ਕੁਝ ਕਹਿਣ ਲੱਗੇ,
ਦਿੱਸਦੀ ਆ ਵਧੀ ਪ੍ਰਚਾਰ ਦੀ ਮਾਰ ਮੀਆਂ।
ਵਧਦਾ ਕਮਲਾ ਦਾ ਜਿੱਦਾਂ ਇਹ ਜ਼ੋਰ ਜਾਂਦਾ,
ਦੂਸਰੇ ਪਾਸੇ ਵੱਲ ਲੱਗੀ ਜਾਏ ਠੱਲ੍ਹ ਮੀਆਂ।
ਏਦਾਂ ਵਧਦਾ ਜੇ ਵਧ ਗਿਆ ਜ਼ੋਰ ਉਸ ਦਾ,
ਨਹੀਉਂ ਫਿਰ ਹੋਣਾ ਟਰੰਪ ਤੋਂ ਝੱਲ ਮੀਆਂ।
ਤੀਸ ਮਾਰ ਖਾਂ
12 ਅਗਸਤ, 2024