Wednesday, January 15, 2025
spot_img
spot_img
spot_img
spot_img

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਕੋਲ ਸਮਾਜਿਕ ਸੁਰੱਖਿਆ ਵਿਭਾਗ ਸਬੰਧੀ ਮੁੱਦੇ ਉਠਾਏ

ਯੈੱਸ ਪੰਜਾਬ
ਚੰਡੀਗੜ੍ਹ, 10 ਅਗਸਤ, 2024

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਮੰਤਰੀ ਸ੍ਰੀਮਤੀ ਅੰਨਪੂਰਨਾ ਦੇਵੀ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਅਹਿਮ ਗੱਲਬਾਤ ਦੌਰਾਨ ਸੂਬੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਭਲਾਈ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਤੋਂ ਵਿੱਤੀ ਸਹਾਇਤਾ ਅਤੇ ਸੰਚਾਲਨ ਸਬੰਧੀ ਸਹਾਇਤਾ ਵਿੱਚ ਵਾਧਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਡਾ. ਬਲਜੀਤ ਕੌਰ ਨੇ ਗੱਲਬਾਤ ਦੌਰਾਨ ਮੁੱਖ ਖੇਤਰਾਂ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਉਨ੍ਹਾਂ ਚੁਣੌਤੀਆਂ ‘ਤੇ ਵੀ ਚਾਨਣਾ ਪਾਇਆ ਜਿਨ੍ਹਾਂ ‘ਤੇ ਤੁਰੰਤ ਧਿਆਨ ਦੇਣ ਅਤੇ ਸਹਾਇਤਾ ਦੀ ਜ਼ਰੂਰਤ ਹੈ।

ਕੈਬਨਿਟ ਮੰਤਰੀ ਨੇ ਲੋੜੀਂਦੇ ਤੱਤਾਂ ਅਤੇ ਉੱਚ-ਕੈਲੋਰੀ ਵਾਲੇ ਭੋਜਨ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਪੂਰਾ ਕਰਨ ਲਈ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ (ਐਸ.ਐਨ.ਪੀ.) ਤਹਿਤ ਮੌਜੂਦਾ ਲਾਗਤ ਨਿਯਮਾਂ ਦੀ ਘਾਟ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲਾਭਪਾਤਰੀਆਂ ਦੀਆਂ ਪੌਸ਼ਟਿਕ ਜ਼ਰੂਰਤਾਂ ਨੂੰ ਉਚਿਤ ਢੰਗ ਨਾਲ ਪੂਰਾ ਕਰਨਾ ਯਕੀਨੀ ਬਣਾਉਣ ਵਾਸਤੇ ਕੇਂਦਰੀ ਮੰਤਰੀ ਨੂੰ ਇਹਨਾਂ ਨਿਯਮਾਂ ਵਿੱਚ ਸੋਧ ਕਰਨ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਪੋਸ਼ਣ ਟਰੈਕਰ ਨਿਊਟ੍ਰਿਸ਼ੀਅਨ ਸਿਸਟਮ ਤੋਂ ਬਾਹਰ ਰੱਖਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵਿਆਪਕ ਪੋਸ਼ਣ ਸਬੰਧੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਉਹਨਾਂ ਬੱਚਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ।

ਮੰਤਰੀ ਨੇ ਪੰਜਾਬ ਵਿੱਚ ਆਂਗਣਵਾੜੀ ਕੇਂਦਰਾਂ ਨੂੰ ਪ੍ਰਾਇਮਰੀ ਸਕੂਲਾਂ ਨਾਲ ਜੋੜਨ ਸਬੰਧੀ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਮੁੱਢਲੇ ਬਚਪਨ ਸਬੰਧੀ ਦੇਖਭਾਲ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।

ਉਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਸਕੂਲ ਅਧਿਆਪਕਾਂ ਦਰਮਿਆਨ ਸੰਚਾਲਨ ਸੰਬੰਧੀ ਪਾੜੇ ਬਾਰੇ ਦੱਸਿਆ, ਜਿਸ ਨਾਲ ਉਲਝਣ ਪੈਦਾ ਹੋਣ ਦੇ ਨਾਲ ਨਾਲ ਸੇਵਾਵਾਂ ਦੀ ਉੱਚਿਤ ਵਰਤੋਂ ਵਿੱਚ ਕਮੀ ਆਉਂਦੀ ਹੈ। ਡਾ. ਬਲਜੀਤ ਕੌਰ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਵਧੇਰੇ ਅਨੁਕੂਲਤਾ ਲਿਆਉਣ ਲਈ ਵਰਕਰਾਂ ਅਤੇ ਅਧਿਆਪਕਾਂ ਦੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਨੂੰ ਦਰਸਾਉਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ।

ਡਾ. ਬਲਜੀਤ ਕੌਰ ਨੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਅਤੇ ਠੋਸ ਸਿਖਲਾਈ ਕਾਰਜਕ੍ਰਮਾਂ ਦੀ ਘਾਟ ਨੂੰ ਉਜਾਗਰ ਕੀਤਾ ਜੋ ਪ੍ਰੋਗਰਾਮ ਨੂੰ ਇਸਦੀ ਪੂਰੀ ਸਮਰੱਥਾ ਤੱਕ ਪਹੁੰਚਣ ਤੋਂ ਰੋਕਦਾ ਹੈ। ਉਨ੍ਹਾਂ ਸਕੂਲਾਂ ਵਿੱਚ ਉੱਚਿਤ ਵਿਧੀ ਰਾਹੀਂ ਹੁਨਰ ਵਿਕਾਸ ਸਿਖਲਾਈ ਦੀ ਸ਼ੁਰੂਆਤ ਦੀ ਮੰਗ ਕੀਤੀ ਤਾਂ ਜੋ ਇਸਦੀ ਮੁਕੰਮਲ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਗੱਲਬਾਤ ਦੌਰਾਨ ਮੰਤਰੀ ਨੇ ਫੰਡ ਜਾਰੀ ਕਰਨ ਵਿੱਚ ਹੋ ਰਹੀ ਦੇਰੀ ‘ਤੇ ਚਿੰਤਾ ਜ਼ਾਹਰ ਕੀਤੀ ਜਿਸ ਨਾਲ ਐਸ.ਏ.ਐਸ.ਨਗਰ ਵਿੱਚ ਵਾਤਸਲਿਆ ਸਦਨ ਅਤੇ ਕੰਮਕਾਜੀ ਮਹਿਲਾ ਲਈ ਹੋਸਟਲ ਦੀ ਉਸਾਰੀ ਸਮੇਤ ਮਹੱਤਵਪੂਰਨ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਉਨ੍ਹਾਂ ਸਪਾਂਸਰਸ਼ਿਪਾਂ ਅਤੇ ਪਾਲਣ-ਪੋਸ਼ਣ ਸਬੰਧੀ ਸੇਵਾਵਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਫੰਡ ਜਾਰੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਡਾ. ਬਲਜੀਤ ਕੌਰ ਨੇ ਸਾਰੇ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ (ਡਬਲਯੂ.ਸੀ.ਡੀ.) ਪ੍ਰੋਗਰਾਮਾਂ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦਹੁਰਾਇਆ ਅਤੇ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਸੂਬੇ ਅਤੇ ਕੇਂਦਰ ਸਰਕਾਰ ਦਰਮਿਆਨ ਨਿਰੰਤਰ ਸਹਿਯੋਗ ਲਈ ਵਿਸ਼ਵਾਸ਼ ਪ੍ਰਗਟਾਇਆ। ਉਨ੍ਹਾਂ ਨੇ ਕੇਂਦਰੀ ਮੰਤਰੀ ਸ੍ਰੀਮਤੀ ਅੰਨਪੂਰਨਾ ਦੇਵੀ ਅਤੇ ਉਨ੍ਹਾਂ ਦੀ ਟੀਮ ਨੂੰ ਪੰਜਾਬ ਵਿੱਚ ਹੋ ਰਹੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਸਹਿਯੋਗ ਦੇ ਹੋਰ ਮੌਕਿਆਂ ਬਾਰੇ ਚਰਚਾ ਕਰਨ ਵਾਸਤੇ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ