ਯੈੱਸ ਪੰਜਾਬ
ਗੁਰਦਾਸਪੁਰ, 9 ਅਗਸਤ, 2024
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੂੰ ਦੇਸ਼ ਦੀ ਸੁਪਰੀਮ ਕੋਰਟ ਵਲੋਂ ਮਿਲੀ ਜਮਾਨਤ ਇਕ ਸ਼ਲਾਘਾਯੋਗ ਫੈਸਲਾ ਹੈ ਅਤੇ ਇਸ ਨਾਲ਼ ਸੱਚ ਦੀ ਜਿੱਤ ਹੋਈ ਹੈ।
ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਬਹਿਲ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਈਡੀ, ਸੀਬੀਆਈ ਆਦਿ ਏਜੰਸੀਆਂ ਰਾਹੀਂ ਵਿਰੋਧੀ ਸਿਆਸੀ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਕੋਝੀ ਖੇਡ ਖੇਡੀ ਜਾ ਰਹੀ ਹੈ।
ਇਸੇ ਤਹਿਤ ਉਹਨਾਂ ਵਲੋਂ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਦੇ ਜਨਮਦਾਤਾ ਮਨੀਸ਼ ਸਿਸੋਦੀਆ ਨੂੰ ਫਰਜ਼ੀ ਕੇਸ ਵਿੱਚ ਜੇਲ੍ਹ ਭੇਜਿਆ ਗਿਆ। ਸਿਸੋਦੀਆ ਪਿਛਲੇ 17 ਮਹੀਨੇ ਤੋਂ ਨਜਾਇਜ਼ ਹੀ ਜੇਲ੍ਹ ਵਿੱਚ ਬੰਦ ਰਹੇ ਪਰ ਆਖਿਰ ਸੁਪਰੀਮ ਕੋਰਟ ਨੇ ਈਡੀ ਦੀਆਂ ਦਲੀਲਾਂ ਨੂੰ ਨਕਾਰਦੇ ਹੋਏ ਸਿਸੋਦੀਆ ਨੂੰ ਜਮਾਨਤ’ਤੇ ਰਿਹਾ ਕਰਨ ਦਾ ਅਹਿਮ ਫੈਸਲਾ ਸੁਣਾਇਆ। ਉਹਨਾਂ ਦੇ ਬਾਹਰ ਆਉਣ ਨਾਲ਼ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਪਰ ਸਵਾਲ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਬਿਨਾਂ ਕਾਰਨ 17 ਮਹੀਨੇ ਜੇਲ੍ਹ ਵਿੱਚ ਰੱਖਣ ਦੀ ਭਰਪਾਈ ਕੌਣ ਕਰੇਗਾ।
ਬਹਿਲ ਨੇ ਹੋਰ ਕਿਹਾ ਕਿ ਇਸੇ ਤਰ੍ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਝੂਠੇ ਕੇਸ ਵਿੱਚ ਜੇਲ੍ਹ ਭੇਜਿਆ ਗਿਆ ਹੈ ਪਰ ਉਮੀਦ ਹੈ ਕਿ ਉਹ ਵੀ ਜਲਦੀ ਬਾਹਰ ਆਉਣਗੇ ਕਿਉਂਕਿ ਸੱਚ ਨੂੰ ਜ਼ਿਆਦਾ ਦੇਰ ਸਲਾਖਾਂ ਪਿੱਛੇ ਡੱਕਿਆ ਨਹੀਂ ਜਾ ਸਕਦਾ। ਚੇਅਰਮੈਨ ਬਹਿਲ ਨੇ ਕਿਹਾ ਕਿ ਭਾਜਪਾ ਦੀਆਂ ਇਹਨ੍ਹਾਂ ਸਾਜ਼ਿਸ਼ਾਂ ਨੂੰ ਆਮ ਜਨਤਾ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਦੀਆਂ ਚੋਣਾਂ ਵਿੱਚ ਲੋਕ ਚੌਥੀ ਵਾਰ ਮੁੜ ਆਪ ਸਰਕਾਰ ਨੂੰ ਸ਼ਾਨ ਨਾਲ਼ ਜਿਤਾਉਣਗੇ।