ਯੈੱਸ ਪੰਜਾਬ
ਲੁਧਿਆਣਾ, 8 ਅਗਸਤ, 2024
ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਹਿਮਾਨੀ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਮਾਣਮੱਤੀ ਇੰਸਪਾਇਰ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਇਹ ਫੈਲੋਸ਼ਿਪ ਵਿਦਿਆਰਥਣ ਨੂੰ ਪੰਜ ਸਾਲ ਦੇ ਵਕਫ਼ੇ ਲਈ ਪੀ ਐੱਚ ਡੀ ਦੀ ਖੋਜ ਵਾਸਤੇ ਪ੍ਰਦਾਨ ਕੀਤੀ ਜਾਵੇਗੀ।
ਕੁਮਾਰੀ ਹਿਮਾਨੀ ਆਪਣੀ ਪੀ ਐੱਚ ਡੀ ਡਾ. ਵਿਕਾਸ ਜਿੰਦਲ ਦੀ ਨਿਗਰਾਨੀ ਹੇਠ ਕਰੇਗੀ। ਇਸ ਦੌਰਾਨ ਇਹ ਵਿਦਿਆਰਥਣ ਨਰਮੇ ਦੀ ਗੁਲਾਬੀ ਸੁੰਡੀ ਬਾਰੇ ਖੋਜ ਦਾ ਹਿੱਸਾ ਬਣੇਗੀ। ਇਸ ਕਾਰਜ ਹਿਤ ਉਸਦੀ ਖੋਜ ਗੁਲਾਬੀ ਸੁੰਡੀ ਦੇ ਨਵੇਂ ਜੀਨ ਦੀ ਤਲਾਸ਼ ਵੱਲ ਸੇਧਿਤ ਰਹੇਗੀ। ਡਾ. ਜਿੰਦਲ ਨੇ ਕਿਹਾ ਕਿ ਇਸ ਖੋਜ ਨਾਲ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਨੂੰ ਹੁਲਾਰਾ ਮਿਲੇਗਾ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਅਗਲੇ ਪੱਧਰ ਦੀ ਖੋਜ ਸਾਹਮਣੇ ਆ ਸਕੇਗੀ।
ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਕਿਹਾ ਕਿ ਉੱਤਰੀ ਭਾਰਤ ਵਿਚ ਗੁਲਾਬੀ ਸੁੰਡੀ ਨੇ ਬੀ ਟੀ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵਿਚ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕੀਤਾ ਹੈ। ਇਸ ਕਰਕੇ ਵਿਭਾਗ ਦਾ ਜ਼ੋਰ ਇਸ ਗੱਲ ਵੱਲ ਹੈ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਨਵੀਆਂ ਤਕਨੀਕਾਂ ਨੂੰ ਸਾਹਮਣੇ ਲਿਆਂਦਾ ਜਾਵੇ। ਇਸ ਸੁੰਡੀ ਦੀ ਰੋਕਥਾਮ ਲਈ ਕੁਮਾਰੀ ਹਿਮਾਨੀ ਦੀ ਖੋਜ ਨਾਲ ਨਵੀਆਂ ਧਾਰਨਾਵਾਂ ਸਾਹਮਣੇ ਆਉਣ ਦੀ ਆਸ ਵੀ ਡਾ. ਭੁੱਲਰ ਨੇ ਪ੍ਰਗਟਾਈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵਿਦਿਆਰਥਣ ਅਤੇ ਉਸਦੇ ਨਿਗਰਾਨ ਨੂੰ ਵਧਾਈ ਦਿੱਤੀ।