ਅੱਜ-ਨਾਮਾ
ਸਿੱਧੀ ਚੱਲੇ ਨਹੀਂ ਭਾਰਤ ਵਿੱਚ ਰਾਜਨੀਤੀ,
ਉਲਟਾ-ਸਿੱਧਾ ਜਿਹਾ ਮਾਰਦੀ ਕੱਟ ਮੀਆਂ।
ਅਕਲਾਂ ਵਾਲੇ ਜੋ ਬਾਹਲੇ ਹਨ ਬਣੇ ਫਿਰਦੇ,
ਉਹ ਵੀ ਜਾਣ ਸਕਦੇ ਬਾਹਲਾ ਘੱਟ ਮੀਆਂ।
ਨਰਮੀ ਵਰਤ ਰਹੀ, ਸੱਟ ਦੀ ਲੋੜ ਜਿੱਧਰ,
ਮਾਰਦੀ ਬਿਨਾਂ ਵੀ ਕਾਰਨ ਆ ਸੱਟ ਮੀਆਂ।
ਕਰ ਰਹੇ ਕੰਮ ਜੋ, ਮਾਰਾਂ ਹੀ ਰਹਿਣ ਖਾਂਦੇ,
ਵਿਹਲੜ ਜਾਂਦੇ ਕਈ ਖੱਟੀਆਂ ਖੱਟ ਮੀਆਂ।
ਦਿੱਸਿਆ ਕੱਲ੍ਹ ਦਾ ਮਿੱਤਰ ਨਹੀਂ ਅੱਜ ਇੱਥੇ,
ਅੱਜ ਦਾ ਹੋਣਾ ਨਹੀਂ ਭਲਕ ਨੂੰ ਨਾਲ ਮੀਆਂ।
ਰਾਜਸੀ ਚਾਲ ਤਾਂ ਮੁੱਢੋਂ ਬੱਸ ਇਸ ਤਰ੍ਹਾਂ ਦੀ,
ਆਉਂਦਾ ਸਮਝ ਨਾ ਮੁਲਕ ਦਾ ਹਾਲ ਮੀਆਂ।
ਤੀਸ ਮਾਰ ਖਾਂ
25 ਜੁਲਾਈ, 2024