ਯੈੱਸ ਪੰਜਾਬ
ਅੰਮ੍ਰਿਤਸਰ, 24 ਜੁਲਾਈ, 2024:
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਪਾਰਟੀ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਤੀ ਗਈ ਸ਼ਿਕਾਇਤ ਦੇ ਮੱਦੇਨਜ਼ਰ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ’ਤੇ ਤਲਬ ਕੀਤੇ ਗਏ ਪਾਰਟੀ ਪ੍ਰਧਾਨ ਬੁੱਧਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਨਮੁਖ਼ ਪੇਸ਼ ਹੋਏ ਅਤੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ।
ਪਾਰਟੀ ਦੇ ਸੀਨੀਅਰ ਆਗੂਆਂ ਸ: ਬਲਵਿੰਦਰ ਸਿੰਘ ਭੂੰਦੜ ਅਤੇ ਡਾ: ਦਲਜੀਤ ਸਿੰਘ ਚੀਮਾ ਦੇ ਨਾਲ ਦੁਪਹਿਰ ਲਗਪਗ ਸਵਾ ਇੱਕ ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੁੱਜੇ ਸ: ਸੁਖ਼ਬੀਰ ਸਿੰਘ ਬਾਦਲ ਜਥੇਦਾਰ ਦੇ ਸਨਮੁਖ਼ ਪੇਸ਼ ਹੋਏ ਅਤੇ ਲਗਪਗ 15 ਮਿੰਟ ਬਾਅਦ ਹੀ ਬਾਹਰ ਆ ਕੇ ਵਾਪਸ ਰਵਾਨਾ ਹੋ ਗਏ।
ਇਸ ਮੌਕੇ ਸ: ਸੁਖ਼ਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਨੇ ਆਉਂਦੇ ਅਤੇ ਜਾਂਦੇ ਸਮੇਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਇਸੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਐਡਵੋਕੇਟ ਅਤੇ ਸਾਬਕਾ ਜਨਰਲ ਸਕਤਰ ਸ: ਗੁਰਚਰਨ ਸਿੰਘ ਗਰੇਵਾਲ ਆਦਿ ਵੀ ਜਥੇਦਾਰ ਦੇ ਸਨਮੁਖ਼ ਪੇਸ਼ ਹੋਏ ਅਤੇ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਵੱਲੋਂ ਲਿਖ਼ੇ ਪੱਤਰ ਦਾ ਜਵਾਬ ਸੌਂਪਿਆ।
ਬਾਹਰ ਆ ਕੇ ਜਥੇਦਾਰ ਧਾਮੀ ਨੇ ਇਹੀ ਕਿਹਾ ਕਿ ਬਤੌਰ ਪ੍ਰਧਾਨ ਉਹਨਾਂ ਨੇ ਆਪਣਾ ਜਵਾਬ ਜਥੇਦਾਰ ਨੂੰ ਸੌਂਪ ਦਿੱਤਾ ਹੈ। ਸ: ਗੁਰਚਰਨ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇੱਕ ਲਿਫ਼ਾਫਾਬੰਦ ਜਵਾਬ ਜਥੇਦਾਰ ਹੁਰਾਂ ਨੂੰ ਸੌਂਪ ਦਿੱਤਾ ਹੈ ਜਿਸ ’ਤੇ ਵਿਚਾਰ ਕਰਕੇ ਫ਼ੈਸਲਾ ਜਥੇਦਾਰ ਸਾਹਿਬਾਨ ਵੱਲੋਂ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਮੰਗੀ ਗਈ ਜਾਣਕਾਰੀ ਮਰਹੂਮ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਨਾਲ ਸੰਬੰਧਤ ਸੀ ਪਰ ਮੌਜੂਦਾ ਪ੍ਰਧਾਨ ਹੋਣ ਨਾਤੇ ਜਵਾਬ ਸ: ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣਾ ਜਵਾਬ ਦੇਣ ਲਈ ਵੱਖਰੇ ਤੌਰ ’ਤੇ ਜਥੇਦਾਰ ਹੁਰਾਂ ਨੂੰ ਮਿਲੇ ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਖਰੇ ਤੌਰ ’ਤੇ ਮਿਲੇ ਹਨ।
ਇਸ ਮੌਕੇ ਗੱਲਬਾਤ ਕਰਦਿਆਂਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਪਸ਼ਟੀਕਰਨ ਮਿਲ ਗਏ ਹਨ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਨ੍ਹਾਂ ਨੂੰ ਖੋਲ੍ਹ ਕੇ ਪੜ੍ਹਣ ਉਪਰੰਤ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ: ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂਆਂ ਦੀ ਸ਼ਮੂਲੀਅਤ ਵਾਲੇ ਬਾਗੀ ਧੜੇ ਵੱਲੋਂ ਬੀਤੇ ਦਿਨੀਂ ਸ: ਸੁਖ਼ਬੀਰ ਸਿੰਘ ਬਾਦਲ ਦੇ ਖ਼ਿਲਾਫ਼ ਇੱਕ ਸ਼ਿਕਾਇਤ ਅਤੇ ਅਕਾਲੀ ਰਾਜ ਵੇਲੇ ਹੋਈਆਂ ਗ਼ਲਤੀਆਂ ਲਈ ਆਪਣਾ ਮੁਆਫ਼ੀਨਾਮਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਗਿਆ ਸੀ ਜਿਸ ਦੇ ਮੱਦੇਨਜ਼ਰ ਸ: ਸੁਖ਼ਬੀਰ ਸਿੰਘ ਬਾਦਲ ਨੂੰ 15 ਦਿਨ ਅੰਦਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।
ਇਹ ਵੀ ਦਿਲਚਸਪ ਹੈ ਕਿ ਅੱਜ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਸ: ਸੁਖ਼ਬੀਰ ਸਿੰਘ ਬਾਦਲ ਨੇ ਇੱਕ ਵੱਡਾ ਅਤੇ ਅਹਿਮ ਫ਼ੈਸਲਾ ਲੈਂਦਿਆਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਸੀ।