ਯੈੱਸ ਪੰਜਾਬ
ਬਠਿੰਡਾ, 23 ਜੁਲਾਈ, 2024
ਸਿੱਖਿਆ ਅਤੇ ਖੋਜ ਵਿੱਚ ਉੱਚੇ ਮਿਆਰ ਕਾਇਮ ਕਰਨ ਤੋਂ ਬਾਅਦ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ।
ਸੀਯੂ ਪੰਜਾਬ ਦੇ ਪੰਜਾਬੀ ਵਿਭਾਗ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ 27 ਤੋਂ 30 ਜੂਨ, 2024 ਨੂੰ ਪੰਚਕੂਲਾ, ਹਰਿਆਣਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਹੋਈ 63ਵੀਂ ਰਾਸ਼ਟਰੀ ਅੰਤਰਰਾਜੀ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਔਰਤਾਂ ਦੀ 4×400 ਮੀਟਰ ਰਿਲੇਅ (ਐਥਲੈਟਿਕਸ ਟਰੈਕ ਈਵੈਂਟ) ਵਿੱਚ ਭਾਗ ਲਿਆ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ।
ਖੁਸ਼ਦੀਪ ਕੌਰ ਪੰਜਾਬ ਦੇ ਚਾਰ ਮੈਂਬਰੀ ਟੀਮ ਦਾ ਹਿੱਸਾ ਸੀ, ਜਿਸ ਨੇ ਔਰਤਾਂ ਦੇ 4×400 ਮੀਟਰ ਰਿਲੇਅ ਮੁਕਾਬਲੇ ਵਿੱਚ 3:43.23 ਮਿੰਟ ਦੇ ਸਮੇਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਈਵੈਂਟ ਵਿੱਚ ਆਂਧਰਾ ਪ੍ਰਦੇਸ਼ ਦੀ ਟੀਮ ਨੇ ਪਹਿਲਾ ਜਦਕਿ ਦਿੱਲੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਖੁਸ਼ਦੀਪ ਕੌਰ ਨੇ 23 ਤੋਂ 24 ਮਈ, 2024 ਨੂੰ ਤਰਨਤਾਰਨ, ਪੰਜਾਬ ਵਿੱਚ ਹੋਈ 99ਵੀਂ ਪੰਜਾਬ ਸਟੇਟ ਓਪਨ ਅਤੇ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਆਪਣੀ ਖੇਡ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਉਸ ਨੇ 400 ਮੀਟਰ ਹਰਡਲ ਰੇਸ ਵਿੱਚ ਸਿਰਫ਼ 1:05.02 ਮਿੰਟ ਵਿੱਚ ਦੌੜ ਪੂਰੀ ਕਰਕੇ ਸੋਨ ਤਗ਼ਮਾ ਜਿੱਤਿਆ ਸੀ।
ਇਸ ਸ਼ਾਨਦਾਰ ਪ੍ਰਾਪਤੀ ਲਈ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਖੁਸ਼ਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਆਸ ਪ੍ਰਗਟਾਈ ਕਿ ਲਗਾਤਾਰ ਕੋਸ਼ਿਸ਼ਾਂ ਅਤੇ ਨਿਯਮਤ ਅਭਿਆਸ ਨਾਲ ਖੁਸ਼ਦੀਪ ਕੌਰ ਆਉਣ ਵਾਲੇ ਸਮੇਂ ਵਿੱਚ ਓਲੰਪਿਕ ਵਿੱਚ ਸਾਡੇ ਦੇਸ਼ ਦੀ ਨੁਮਾਇੰਦਗੀ ਕਰ ਸਕਦੀ ਹੈ। ਇਸ ਮੌਕੇ ਵਾਈਸ ਚਾਂਸਲਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੰਜੀਵ ਮੰਡੇਰ ਅਤੇ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਰਮਨਪ੍ਰੀਤ ਕੌਰ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਖੁਸ਼ਦੀਪ ਕੌਰ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਦਦ ਕੀਤੀ।