ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 23, 2024:
ਅਮਰੀਕਾ ਦੀ ਨਿਆਗਰਾ ਕਾਊਂਟੀ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜਮੀਨ ਉਪਰ ਡਿੱਗ ਜਾਣ ਦੀ ਖਬਰ ਹੈ।
ਡਿੱਗਣ ਉਪਰੰਤ ਜਹਾਜ਼ ਨੂੰ ਅੱਗ ਲੱਗ ਗਈ ਤੇ ਉਸ ਵਿਚ ਸਵਾਰ ਇਕੋ ਇਕ ਪਾਇਲਟ ਦੀ ਮੌਤ ਹੋ ਗਈ।
ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਤਬਾਹ ਹੋਏ ਇਕ ਇੰਜਣ ਵਾਲੇ ਸੇਸਨਾ 208 ਬੀ ਜਹਾਜ਼ ਨੂੰ ਸਕਾਈ ਡਾਈਵਿੰਗ ਲਈ ਵਰਤਿਆ ਜਾਂਦਾ ਸੀ।
ਬਿਆਨ ਅਨੁਸਾਰ ਇਹ ਘਟਨਾ ਯੰਗਸਟਾਊਨ ਨੇੜੇ ਲੇਕ ਰੋਡ ਵਿਖੇ ਦੁਪਹਿਰ ਇਕ ਵਜੇ ਤੋਂ ਪਹਿਲਾਂ ਵਾਪਰੀ ਹੈ।
ਨਿਆਗਰਾ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਜਹਾਜ਼ ਉਸ ਵੇਲੇ ਤਬਾਹ ਹੋਇਆ ਜਦੋਂ ਉਸ ਵਿਚੋਂ ਸਾਰੇ ਅਸਮਾਨੀ ਗੋਤਾਖੋਰ ਛਾਲ ਮਾਰ ਚੁੱਕੇ ਸਨ ਤੇ ਜਹਾਜ਼ ਵਾਪਿਸ ਜਮੀਨ ‘ਤੇ ਉਤਰਨ ਦੀ ਤਿਆਰੀ ਵਿਚ ਸੀ।
ਸ਼ੈਰਿਫ ਮਾਈਕਲ ਫਿਲੀਸੈਟੀ ਨੇ ਘਟਨਾ ਨੂੰ ਅਫਸੋਸਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਸਥਾਨਕ ਤੇ ਸੰਘੀ ਲਾਅ ਇਨਫੋਰਸਮੈਂਟ ਅਧਿਕਾਰੀ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।