ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 23, 2024:
ਇਕ ਹਫਤਾ ਪਹਿਲਾਂ ਪੈਨਸਿਲਵਾਨੀਆ ਵਿਚ ਜਾਨ ਲੈਣ ਦੀ ਹੋਈ ਅਸਫਲ ਕੋਸ਼ਿਸ਼ ਉਪਰੰਤ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ੍ਰੈਂਡ ਰੈਪਿਡਸ ਵਿਚ ਵੈਨ ਅਨਡੇਲ ਅਰੇਨਾ ਵਿਖੇ ਕੀਤੀ ਪਹਿਲੀ ਜਨਤਿਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਕਮਜੋਰ ਹੋ ਰਿਹਾ ਹੈ, ਅਸੀਂ ਇਸ ਨੂੰ ਹੋਰ ਡਿੱਗਣ ਨਹੀਂ ਦੇ ਸਕਦੇ ਤੇ ਅਸੀਂ ਲੋਕਾਂ ਨਾਲ ਧੋਖਾ ਹੁੰਦਾ ਨਹੀਂ ਵੇਖ ਸਕਦੇ।
ਟਰੰਪ ਨੇ ਆਪਣੇ ਜੋਸ਼ੀਲੇ ਸਮਰਥਕਾਂ ਨੂੰ ਕਿਹਾ ਕਿ ਰਿਪਬਲੀਕਨ ਇਸ ਸਾਲ ਮਿਸ਼ੀਗਨ ਜਿੱਤਣਗੇ ਕਿਉਂਕ ਅਸੀਂ ਆਪਣੇ ਆਪ ਨੂੰ ਲੋਕਾਂ ਦੀ ਪਾਰਟੀ ਬਣਾਇਆ ਹੈ।
ਆਪਣੇ ਸੰਬੋਧਨ ਦੌਰਾਨ ਉਨਾਂ ਨੇ ਗਵਰਨਰ ਗਰੇਚਨ ਵਿਟਮਰ ਉਪਰ ਸ਼ਬਦੀ ਹਮਲਾ ਕਰਦਿਆਂ ਉਸ ਨੂੰ ”ਬੇਕਾਰ” ਕਰਾਰ ਦਿੱਤਾ ਤੇ ਕਿਹਾ ਕਿ ਉਹ ਅਸਲ ਵਿਚ ਉਸ ਵਿਰੁੱਧ ਚੋਣ ਲੜਨਾ ਚਹੁੰਣਗੇ ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਦੀ ਆਪਣੀ ਪਾਰਟੀ ਉਨਾਂ ‘ਤੇ ਚੋਣ ਮੈਦਾਨ ਵਿਚੋਂ ਹਟਣ ਲਈ ਦਬਾਅ ਪਾ ਰਹੀ ਹੈ ਤੇ ਵਿਟਮਰ ਨੂੰ ਕੁਝ ਲੋਕਾਂ ਵੱਲੋਂ ਉਨਾਂ ਦੀ ਜਗਾ ‘ਤੇ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਟਰੰਪ ਨੇ ਡੈਮੋਕਰੈਟਾਂ ਦਾ ਇਹ ਪ੍ਰਚਾਰ ਰੱਦ ਕਰ ਦਿੱਤਾ ਕਿ ਉਹ ਲੋਕਤੰਤਰ ਲਈ ਖਤਰਾ ਹਨ।
ਟਰੰਪ ਜਿਸ ਨੇ ਪਿਛਲੇ ਹਫਤੇ ਗੋਲੀ ਕਾਰਨ ਜ਼ਖਮੀ ਹੋਏ ਆਪਣੇ ਸੱਜੇ ਕੰਨ ਉਪਰ ਚਮੜੀ ਦੇ ਰੰਗ ਦੀ ਬੈਂਡੇਜ ਬੰਨੀ ਹੋਈ ਸੀ, ਨੇ ਕਿਹਾ ਕਿ ਪਿਛਲੇ ਹਫਤੇ ਮੈਨੂੰ ਲੋਕਤੰਤਰ ਕਾਰਨ ਗੋਲੀ ਖਾਣੀ ਪਈ ਹੈ।
ਉਨਾਂ ਸਵਾਲ ਕੀਤਾ ਕਿ ਮੈ ਲੋਕਤੰਤਰ ਖਿਲਾਫ ਕੀ ਕੀਤਾ ਹੈ? ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਹੋਈ ਰੈਲੀ ਵਿਚ ਟਰੰਪ ਨੇ ਕਿਹਾ ਕਿ ਜਦੋਂ ਉਹ ਰਾਸ਼ਟਰਪਤੀ ਸਨ ਤਾਂ ਉਨਾਂ ਨੇ ਮਿਸ਼ੀਗਨ ਵਿਚ ਆਟੋ ਖੇਤਰ ਵਿੱਚ ਨੌਕਰੀਆਂ ਪੈਦਾ ਕੀਤੀਆਂ ਸਨ ਤੇ ਉਨਾਂ ਨੂੰ ਬਹੁਤ ਸਾਲ ਪਹਿਲਾਂ ਮਿਸ਼ੀਗਨ ਵਿਚ ” ਮੈਨ ਆਫ ਦੀ ਯੀਅਰ” ਪੁਰਸਕਾਰ ਦਿੱਤਾ ਗਿਆ ਸੀ।
ਉਨਾਂ ਨੇ ਦੋਸ਼ ਲਾਇਆ ਕਿ ਇਮੀਗ੍ਰੇਸ਼ਨ ਨੀਤੀਆਂ ਕਾਰਨ ਅਮਰੀਕਾ ਵਿਚ ਅਪਰਾਧ ਵਧਿਆ ਹੈ। ਮੈ ਸੱਤਾ ‘ਤੇ ਆਇਆ ਤਾਂ ਇਸ ਖੇਤਰ ਵਿਚ ਸੁਧਾਰ ਕੀਤੇ ਜਾਣਗੇ।