ਯੈੱਸ ਪੰਜਾਬ
ਲੁਧਿਆਣਾ, ਜੁਲਾਈ 18, 2024:
ਪੀ.ਏ.ਯੂ. ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਮਾਣਮੱਤੀ ਫੈਲੋਸ਼ਿਪ ਇੰਸਪਾਇਰ ਨਾਲ ਨਿਵਾਜ਼ਿਆ ਗਿਆ ਹੈ| ਮੌਜੂਦਾ ਸਮੇਂ ਸੁਖਪ੍ਰੀਤ ਸਿੰਘ ਫਸਲ ਵਿਗਿਆਨ ਦੇ ਖੇਤਰ ਵਿਚ ਪੀ ਐੱਚ ਡੀ ਦਾ ਸ਼ੋਧ ਕਾਰਜ ਕਰ ਰਹੇ ਹਨ|
ਇਹ ਫੈਲੋਸ਼ਿਪ ਪੰਜ ਸਾਲ ਦੇ ਵਕਫ਼ੇ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮਹਿਕਮੇ ਵੱਲੋਂ ਅਕਾਦਮਿਕ ਤੌਰ ਤੇ ਉੱਚੀ ਯੋਗਤਾ ਵਾਲੇ ਵਿਦਿਆਰਥੀ ਨੂੰ ਪ੍ਰਦਾਨ ਕੀਤੀ ਜਾਂਦੀ ਹੈ|
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਖੋਜਾਰਥੀ ਸੁਖਪ੍ਰੀਤ ਸਿੰਘ ਆਲੂ ਦੀ ਬਿਜਾਈ ਦੀਆਂ ਨਵੀਆਂ ਤਕਨੀਕਾਂ ਬਾਰੇ ਖੋਜ ਕਰ ਰਹੇ ਹਨ|
ਇਹ ਖੋਜ ਆਲੂ ਅਤੇ ਗਰਮ ਰੁੱਤ ਦੀ ਮੂੰਗੀ ਦੇ ਫਸਲੀ ਚੱਕਰ ਵਿਚ ਨਦੀਨਾਂ ਦੀ ਰੋਕਥਾਮ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ| ਨਵੀਆਂ ਕਾਸ਼ਤ ਤਕਨੀਕਾਂ ਲਾਗੂ ਕਰਕੇ ਫਸਲਾਂ ਦੇ ਝਾੜ ਵਿਚ ਇਜ਼ਾਫਾ ਕਰਨ ਦੇ ਫਸਲ ਵਿਗਿਆਨਕ ਪੱਖ ਤੋਂ ਇਸ ਖੋਜਾਰਥੀ ਦਾ ਕੰਮ ਬੇਹੱਦ ਅਹਿਮ ਹੈ|
ਡਾ. ਮੱਖਣ ਸਿੰਘ ਭੁੱਲਰ ਨੇ ਇਸ ਖੋਜਾਰਥੀ ਦੇ ਕੰਮ ਬਾਰੇ ਗੱਲ ਕਰਦਿਆਂ ਕਿਹਾ ਕਿ ਫਸਲੀ ਵਿਭਿੰਨਤਾ ਅਤੇ ਨਵੇਂ ਫਸਲੀ ਪ੍ਰਬੰਧ ਵਿਚ ਆਲੂ ਅਤੇ ਗਰਮ ਰੁੱਤ ਦੀ ਮੂੰਗੀ ਦਾ ਚੱਕਰ ਭੋਜਨ ਅਤੇ ਪੋਸ਼ਣ ਸੁਰੱਖਿਆ ਪੱਖੋਂ ਨਿਵੇਕਲਾ ਰਾਹ ਪੱਧਰਾ ਕਰੇਗਾ|
ਉਹਨਾਂ ਨੇ ਆਲੂਆਂ ਦੀ ਬਿਜਾਈ ਦੇ ਰਵਾਇਤੀ ਤਰੀਕੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਇਸ ਨਾਲ ਉਤਪਾਦਨ ਵਿਚ ਖੜੋਤ ਦੇਖੀ ਜਾਂਦੀ ਹੈ|
ਇਸਦੇ ਮੁਕਾਬਲੇ ਨਵੇਂ ਫਸਲ ਵਿਗਿਆਨਕ ਤਰੀਕਿਆਂ ਜਿਵੇਂ ਖੁੱਲੇ ਬੈਡਾਂ ਉੱਪਰ ਬਿਜਾਈ ਵਧੇਰੇ ਲਾਹੇਵੰਦ ਸਾਬਿਤ ਹੋਣ ਵਾਲੇ ਢੰਗ ਹਨ| ਡਾ. ਭੁੱਲਰ ਨੇ ਦੱਸਿਆ ਕਿ ਨਵੇਂ ਢੰਗਾਂ ਨਾਲ ਬੀਜੇ ਆਲੂ ਦਾ ਫੁਟਾਰਾ ਬਿਹਤਰ ਹੁੰਦਾ ਹੈ ਅਤੇ ਨਦੀਨਾਂ ਦਾ ਜੰਮ ਵੀ ਛੇਤੀ ਨਹੀਂ ਹੁੰਦਾ|
ਸੁਖਪ੍ਰੀਤ ਸਿੰਘ ਦੀ ਖੋਜ ਇਸ ਦਿਸ਼ਾ ਵਿਚ ਨਦੀਨਾਂ ਦੀ ਰੋਕਥਾਮ ਲਈ ਲਾਹੇਵੰਦ ਸਾਬਿਤ ਹੋਵੇਗੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਨੇ ਵਿਦਿਆਰਥੀ ਸੁਖਪ੍ਰੀਤ ਸਿੰਘ ਅਤੇ ਉਹਨਾਂ ਦੇ ਨਿਗਰਾਨ ਡਾ. ਮੱਖਣ ਸਿੰਘ ਭੁੱਲਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
ਇਸ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਵੀ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਹੋਰ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ|
ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਅਤੇ ਸਮੁੱਚੇ ਵਿਭਾਗ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਬੱਬ ਕਿਹਾ|