Saturday, January 11, 2025
spot_img
spot_img
spot_img
spot_img

Sukhbir Badal ਦਾ ਅਸਤੀਫ਼ਾ ਮਨਜ਼ੂਰ; SAD Working Committee ਨੇ ਲਿਆ ਫ਼ੈਸਲਾ

ਯੈੱਸ ਪੰਜਾਬ
ਚੰਡੀਗੜ੍ਹ, 10 ਜਨਵਰੀ, 2025

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਵਜੋਂ ਅਸਤੀਫੇ ਨੂੰ ਪ੍ਰਵਾਨ ਕਰ ਲਿਆ।

ਸਰਦਾਰ ਬਾਦਲ ਜਿਹਨਾਂ ਨੇ ਨਵੰਬਰ ਮਹੀਨੇ ਵਿਚ ਅਸਤੀਫਾ ਦਿੱਤਾ ਸੀ, ਨੇ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੀਟਿੰਗ ਵਿਚ ਸ਼ਾਮਲ ਹੋ ਕੇ ਵਰਕਿੰਗ ਕਮੇਟੀ ਨੂੰ ਇਸ ਗੱਲ ਰਾਜ਼ੀ ਕੀਤਾ ਕਿ ਉਹ ਉਹਨਾਂ ਦਾ ਅਸਤੀਫਾ ਪ੍ਰਵਾਨ ਕਰੇ ਅਤੇ ਉਹਨਾਂ ਨੇ ਪਾਰਟੀ ਪ੍ਰਧਾਨ ਵਜੋਂ ਉਹਨਾਂ ਵੱਲੋਂ ਕੀਤੇ ਕੰਮਾਂ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਮੇਟੀ ਨੇ ਪਾਰਟੀ ਪ੍ਰਧਾਨ ਵਜੋਂ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਪਾਰਟੀ ਦੇ ਉਹਨਾਂ ਲੱਖਾਂ ਕਾਰਕੁੰਨਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬ ਤੇ ਪੰਜਾਬੀਆਂ ਲਈ ਲੜਾਈ ਵਿਚ ਉਹਨਾਂ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਉਹ ਪਾਰਟੀ ਵਰਕਰਾਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਤੇ ਪੰਜਾਬ ਦੀ ਨਿਮਾਣੇ ਵਰਕਰ ਵਜੋਂ ਸੇਵਾ ਕਰਦੇ ਰਹਿਣਗੇ।

ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਇਹ ਵੀ ਫੈਸਲਾ ਲਿਆ ਹੈ ਕਿ 20 ਜਨਵਰੀ ਤੋਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਇਕ ਮਹੀਨਾ ਚੱਲੇਗੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ 1 ਮਾਰਚ ਨੂੰ ਹੋਵੇਗੀ।

ਪਾਰਟੀ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਇਹਨਾਂ ਚੋਣਾਂ ਦੇ ਮੁੱਖ ਚੋਣ ਅਫਸਰ ਹੋਣਗੇ। ਡਾ. ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੰਮੂ ਅਤੇ ਕਸ਼ਮੀਰ ਅਤੇ ਹੁਸ਼ਿਆਰਪੁਰ ਦੇ ਇੰਚਾਰਜਹੋਣਗੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਮੁੱਚੇ ਮਾਲਵਾ ਖਿੱਤੇ ਦੇ ਇੰਚਾਰਜ ਹੋਣਗੇ, ਮਨਪ੍ਰੀਤ ਸਿੰਘ ਇਯਾਲ ਰਾਜਸਥਾਨ, ਸੰਤਾ ਸਿੰਘ ਉਮੈਦਪੁਰੀ ਹਿਮਾਚਲ ਪ੍ਰਦੇਸ਼, ਇਕਬਾਲ ਸਿੰਘ ਝੂੰਦਾਂ ਮਾਲੇਰਕੋਟਲਾ, ਪਰਮਜੀਤ ਸਿੰਘ ਸਰਨਾ ਦਿੱਲੀ, ਮਨਜੀਤ ਸਿੰਘ ਜੀ ਕੇ ਯੂ ਪੀ ਤੇ ਉੱਤਰਾਖੰਡ ਅਤੇ ਰਘੂਜੀਤ ਸਿੰਘ ਵਿਰਕ ਹਰਿਆਣਾ ਦੇ ਇੰਚਾਰਜ ਹੋਣਗੇ।

ਡਾ. ਚੀਮਾ ਨੇ ਸਾਰੇ ਆਗੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਹੜੇ ਪਾਰਟੀ ਤੋਂ ਬਾਹਰ ਹਨ, ਉਹ ਪਾਰਟੀ ਕੋਲ ਪਹੁੰਚ ਕਰਨ ਤਾਂ ਜੋ ਸਾਰਿਆਂ ਦੀ ਪਾਰਟੀ ਵਿਚ ਵਾਪਸੀ ਸੰਭਵ ਹੋ ਸਕੇ।

ਇਸ ਦੌਰਾਨ ਵਰਕਿੰਗ ਕਮੇਟੀ ਨੇ ਖੇਤੀਬਾੜੀ ਮੰਡੀਕਰਨ ਦੇ ਮਾਮਲੇ ’ਤੇ ਕੌਮੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਨੀਤੀ ਪੰਜਾਬ ਦੇ ਮੰਡੀਕਰਣ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਤੇ ਇਹ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਪਹਿਲਾਂ ਰੱਦ ਕੀਤੇ ਗਏ ਸਨ ਉਹ ਕਾਨੂੰਨ ਦੁਬਾਰਾ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਸ ਵੱਲੋਂ ਕੇਂਦਰ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਅੱਖਾਂ ਮੀਟ ਲਈਆਂ ਗਈਆਂ ਹਨ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਕੋਈ ਹਮਦਰਦੀ ਨਹੀਂ ਵਿਖਾਈ ਜਾ ਰਹੀ। ਕਮੇਟੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੱਡੀ ਗਿਣਤੀ ਵਿਚ ਜਾਅਲੀ ਵੋਟਰ ਸ਼ਾਮਲ ਕਰਨ ਦੀ ਵੀ ਨਿਖੇਧੀ ਕੀਤੀ। ਪਾਰਟੀ ਨੇ ਚੰਡੀਗੜ੍ਹ ਵਿਚ ਸਲਾਹਕਾਰ ਦੀ ਥਾਂ ’ਤੇ ਮੁੱਖ ਸਕੱਤਰ ਦਾ ਅਹੁਦਾ ਸਿਰਜਣ ਦੀ ਵੀ ਨਿਖੇਧੀ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ