ਸ਼ਹਿਰੀ ਚੋਣਾਂ ਦੇ ਆਏ ਰਿਜ਼ਲਟ ਕਹਿੰਦੇ,
ਪਾਰਟੀਆਂ ਵੇਖ ਪਾਉਂਦੇ ਲੋਕ ਵੋਟ ਬੇਲੀ।
ਜਾਂ ਫਿਰ ਵੇਖਦੇ ਕੰਮ ਲਈ ਝਾਕ ਕਿਧਰੋਂ,
ਕਿੱਧਰ ਦੀ ਨੀਤ ਦਾ ਘੱਟ ਆ ਖੋਟ ਬੇਲੀ।
ਮ੍ਹਾਤੜ ਰੋਟੀ ਦੋ ਡੰਗਾਂ ਦੀ ਗਰਜ ਵਿੰਹਦਾ,
ਪਾਉਂਦਾ ਏ ਵੋਟ ਜਦ ਮਿਲੇਗਾ ਨੋਟ ਬੇਲੀ।
ਸਿਆਣਾ ਵੋਟਰ ਜ਼ਮੀਰ ਦੀ ਬਾਤ ਸੁਣਦਾ,
ਕਿਸੇ ਨੂੰ ਵੋਟ ਦੇਵੇ, ਕਿਸੇ ਨੂੰ ਚੋਟ ਬੇਲੀ।
ਇੱਕ ਸਾਰ ਕਿਤੇ ਸਮਾਜ ਦਾ ਨਹੀਂ ਪੱਧਰ,
ਇੱਕੋ ਜਿਹਾ ਹੁੰਦਾ ਨਾ ਕਦੇ ਮਾਹੌਲ ਬੇਲੀ।
ਆਗੂਆਂ ਬਾਬਤ ਆ ਜਾਣਦੇ ਆਮ ਲੋਕੀਂ,
ਨਿਭਾਉਂਦਾ ਕੋਈ ਨਾ ਕੀਤੜਾ ਕੌਲ ਬੇਲੀ।
-ਤੀਸ ਮਾਰ ਖਾਂ
25 ਦਸੰਬਰ, 2024