ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 18 ਦਸੰਬਰ, 2024
America ਦੇ Texas ਰਾਜ ਦੇ ਸ਼ਹਿਰ Houston ਵਿਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਲੜਕੀ ਤੇ ਇਕ ਲੜਕੇ ਦੀ ਮੌਤ ਹੋਣ ਤੇ 3 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਦੋਨਾਂ ਮ੍ਰਿਤਕਾਂ ਦੀ ਉਮਰ 16-16 ਸਾਲ ਸੀ। ਜ਼ਖਮੀਆਂ ਵਿਚ ਇਕ 13 ਸਾਲਾਂ ਦੀ ਲੜਕੀ ਸ਼ਾਮਿਲ ਹੈ ਜਿਸ ਦੀ ਹਾਲਤ ਗੰਭੀਰ ਹੈ।
Houston Police ਵਿਭਾਗ ਦੇ ਅਸਿਸਟੈਂਟ ਮੁਖੀ ਲੂਇਸ ਮੈਨਨਡੇਜ਼ ਸੀਰਾ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸਥਾਨਕ ਸਮੇ ਅਨੁਸਾਰ ਰਾਤ 11.20 ਵਜੇ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਪਾਰਟੀ ਵਾਲੇ ਸਥਾਨ ‘ਤੇ ਭਗਦੜ ਵਾਲਾ ਮਾਹੌਲ ਸੀ। ਵੱਡੀ ਗਿਣਤੀ ਵਿਚ ਲੋਕ ਭੱਜ ਰਹੇ ਸਨ।
ਗੋਲੀ ਵੱਜਣ ਕਾਰਨ ਜ਼ਖਮੀ ਹੋਏ ਇਕ ਲੜਕੇ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਇਕ ਲੜਕੀ ਸਥਾਨਕ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤੀ ਗਈ। ਉਨਾਂ ਕਿਹਾ ਕਿ ਅਜੇ ਤੱਕ ਘਟਨਾ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉਨਾਂ ਹੋਰ ਕਿਹਾ ਕਿ ਪਾਰਟੀ ਵਿਚ ਜਿਆਦਾਤਰ ਨਬਾਲਗ ਸ਼ਾਮਿਲ ਸਨ ਤੇ ਪਾਰਟੀ ਵਾਲੀ ਜਗਾ ਇਕ ਖਾਲੀ ਕਾਰੋਬਾਰੀ ਸਥਾਨ ਹੈ । ਇਸ ਕਿਸਮ ਦੇ ਸਥਾਨ ਨੂੰ ਕਿਰਾਏ ਜਾਂ ਪਟੇ ‘ਤੇ ਦੇਣ ਲਈ ਵਰਤਿਆ ਜਾਂਦਾ ਹੈ।
ਉਨਾਂ ਇਹ ਵੀ ਕਿਹਾ ਕਿ ਇਸ ਕਿਸਮ ਦੀਆਂ ਪਾਰਟੀਆਂ ਜਿਨਾਂ ਵਾਸਤੇ ਮਨਜੂਰੀ ਨਹੀਂ ਲਈ ਜਾਂਦੀ ਆਮ ਤੌਰ ‘ਤੇ ਦੇਰ ਰਾਤ ਨੂੰ ਹੁੰਦੀਆਂ ਹਨ ਤੇ ਜਿਨਾਂ ਵਾਸਤੇ ਭੀੜ ਜੁਟਾਉਣ ਲਈ ਸੋਸ਼ਲ ਮੀਡੀਆ ਨੂੰ ਵਰਤਿਆ ਜਾਂਦਾ ਹੈ। ਸੀਰਾ ਨੇ ਕਿਹਾ ਕਿ ਪੁਲਿਸ ਵਿਭਾਗ ਜਾਂਚ ਲਈ ਆਪਣੇ ਪੂਰੇ ਸਾਧਨਾਂ ਦੀ ਵਰਤੋਂ ਕਰੇਗਾ। ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਘਟਨਾ ਸਬੰਧੀ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ।