Sunday, November 24, 2024
spot_img
spot_img
spot_img

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਯੈੱਸ ਪੰਜਾਬ
ਅੰਮ੍ਰਿਤਸਰ, 19 ਨਵੰਬਰ, 2024

ਸਥਾਨਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਦੇ ਸਯੋਗ ਯਤਨਾਂ ਨਾਲ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਉਦਘਾਟਨ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਹੋਇਆ। ਇਸ ਸਮਾਗਮ ਦਾ ਆਰੰਭ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼ਬਦ ਗਾਇਨ ਨਾਲ ਕੀਤਾ ਗਿਆ।

ਡਾ. ਆਤਮ ਸਿੰਘ ਰੰਧਾਵਾ ਨੇ ਪੌਦੇ ਦੇ ਕੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਉਪਰੰਤ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਮੇਲੇ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਮੇਲਾ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿਚ ਵੀ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ।

ਆਮ ਮੇਲਿਆਂ ਨਾਲੋਂ ਇਸ ਮੇਲੇ ਦੀ ਇਹ ਵੱਖਰੀ ਵਿਸ਼ੇਸ਼ਤਾ ਹੈ ਕਿ ਇਹ ਇੱਕ ਸਾਹਿਤਕ ਮੇਲਾ ਹੈ ਜਿਸ ਵਿਚ ਹਰ ਵਿਸ਼ੇ ਨਾਲ ਜੁੜੇ ਗਿਆਨ ਨਾਲ ਸੰਬੰਧਿਤ ਪੁਸਤਕਾਂ ਪਾਠਕਾਂ ਦੇ ਲਈ ਆਕਰਸ਼ਣ ਦਾ ਕਾਰਨ ਬਣਦੀਆਂ ਹਨ। ਇਹ ਮੇਲਾ 1947 ਦੀ ਵੰਡ ਨੂੰ ਸਮਰਪਿਤ ਹੈ ਜਿਸ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਹੈ। ਉਹਨਾਂ ਨੇ ਇਸ ਮੇਲੇ ਦੀ ਕਾਮਯਾਬੀ ਲਈ ਵਿਭਾਗ ਦੇ ਮੁਖੀ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਅਜਿਹੇ ਸਮਾਗਮ ਦੇ ਆਯੋਜਨ ਲਈ ਉਹਨਾਂ ਦੀ ਸਰਾਹਨਾ ਕੀਤੀ।

ਪ੍ਰਸਿੱਧ ਚਿੰਤਕ ਅਤੇ ਵਿਦਵਾਨ ਸ. ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਤਕਨੀਕੀ ਵਿਕਾਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਦੇ ਬੀਜ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜੇ ਹੋਏ ਹਨ ਗਿਆਨ ਦਾ ਸਬੰਧ ਸਿੱਖਿਆ ਨਾਲ ਹੈ ਅਤੇ ਸਿੱਖਿਆ ਦਾ ਆਧਾਰ ਪੁਸਤਕਾਂ ਹਨ।

ਆਰਟੀਫ਼ੀਸ਼ਲ ਟਕਨਾਲੌਜੀ ਦੀ ਭੂਮਿਕਾ ਬਾਰੇ ੳਹਨਾਂ ਗੱਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਗਿਆਨ ਵਿਚ ਵਾਧਾ ਕਰਨਾ ਅਤੇ ਪਾਠਕ ਦੇ ਹਰ ਪ੍ਰਸ਼ਨ ਦਾ ਉਤਰ ਦੇਣਾ ਹੈ। ਹੁਣ ਇਸ ਗੱਲ ਦੀ ਚਿੰਤਾ ਨਹੀਂ ਰਹੀ ਕਿ ਕਿਸੇ ਵੀ ਕਿਸਮ ਦਾ ਗਿਆਨ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਆਉਣ ਵਾਲੇ ਸਮੇਂ ਵਿਚ ਸਿੱਖਿਆ ਦੇ ਰੁਝਾਨ ਦੇ ਵਧਣ ਨਾਲ ਅਜਿਹੇ ਮੇਲੇ ਹੋਰ ਵੀ ਨਿੱਖਰੇ ਰੂਪ ਵਿਚ ਉਭਰ ਕੇ ਸਾਹਮਣੇ ਆਉਣਗੇ।

ਨਾਮਵਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸਾਡਾ ਸਭਿਆਚਾਰ ਸ਼ਬਦ ਗੁਰੂ ਦੀ ਧਾਰਨਾ ‘ਤੇ ਟਿਕਿਆ ਹੋਇਆ ਹੈ ਇਸ ਵਾਰ ਦਾ ਇਹ ਪੁਸਤਕ ਮੇਲਾ ਨੌਜਵਾਨ ਪੀੜ੍ਹੀ ਦੇ ਰੁਝਾਨ ਨੂੰ ਸੁਚਾਰੂ ਪਾਸੇ ਲਗਾਉਣ ਵਿਚ ਵਿਸ਼ੇਸ਼ ਮਹੱਤਤਾ ਨਿਭਾਵੇਗਾ।

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਪੁਸਤਕਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕਾਂ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ ਇਸ ਲਈ ਹਰੇਕ ਨੂੰ ਇਹਨਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ।

ਡਾ. ਮਹਿਲ ਸਿੰਘ, ਵਾਈਸ ਚਾਂਸਲਰ, ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਸ਼ਖ਼ਸੀਅਤ ਅਤੇ ਜੀਵਨ ਸ਼ੈਲੀ ਨੂੰ ਨਿਖਾਰਨ ਲਈ ਕਿਤਾਬੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਖ਼ਾਲਸਾ ਕਾਲਜ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਿ ਕਾਲਜ ਹਮੇਸ਼ਾਂ ਹੀ ਸਾਹਿਤਕ ਅਤੇ ਸਮਾਜਿਕ ਵਿਕਾਸ ਲਈ ਆਪਣੇ ਯੋਗ ਵਸੀਲੇ ਕਰਦਾ ਰਿਹਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਹੀ ਇਸ ਮੇਲੇ ਦਾ ਆਯੋਜਨ ਕੀਤਾ ਗਿਆ ਹੈ।

ਬੀਤੇ ਸਮਿਆਂ ਵਾਂਗ ਇਹ ਮੇਲਾ ਇਸ ਵਾਰ ਵੀ ਵਿਦਿਆਰਥੀਆਂ ਅਤੇ ਪੁਸਤਕ ਪ੍ਰੇਮੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ। ਮੇਲੇ ਵਿਚ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਗੁਰਦੀਪ ਧੀਮਾਨ ਅਤੇ ਉਪ-ਪ੍ਰਧਾਨ ਸੁਮੀਤ ਦੁਆ ਦੁਆਰਾ ਵਿਰਾਸਤੀ ਅਤੇ ਕਲਾਤਮਕ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਗਿਆ। ਆਰੀਆ ਬੱਬਰ, ਹਰਦੀਪ ਗਿੱਲ, ਅਨੀਤਾ ਦੇਵਗਨ ਆਪਣੀ ਆਉਣ ਵਾਲੀ ਫਿਲਮ ‘ਹਾਏ ਸੀਰੀ ਵੇ ਸੀਰੀ’ ਫਿਲਮ ਦੀ ਪ੍ਰਮੋਸ਼ਨ ਲਈ ਦਰਸ਼ਕਾਂ ਨਾਲ ਰੂਬਰੂ ਹੋਏ।

ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ‘ਸੁਖਨ ਦੇ ਸੂਰਜ’ ਪ੍ਰੋਗਰਾਮ ਵਿਚ ਦੇਸ਼-ਵਿਦੇਸ਼ਾਂ ਵਿਚੋਂ ਆਏ ਪ੍ਰਸਿੱਧ ਪੰਜਾਬੀ ਕਵੀਆਂ- ਡਾ. ਕੁਲਜੀਤ ਸਿੰਘ ਜੰਜੂਆ (ਕਨੇਡਾ), ਪਰਮਿੰਦਰ ਸੋਢੀ (ਜਾਪਾਨ), ਸੁਰਿੰਦਰ ਗੀਤ (ਕਨੇਡਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਤਕ ਕੀਤੀ ਅਤੇ ਵਿਜੇ ਵਿਵੇਕ, ਅੰਬਰੀਸ਼, ਨੀਤੂ ਅਰੋੜ, ਹਰਮੀਤ ਵਿਦਿਆਰਥੀ, ਜਗਦੀਪ ਸਿੱਧੂ, ਵਿਸ਼ਾਲ, ਰਵਿੰਦਰ ਰਵੀ, ਪ੍ਰਭਜੀਤ ਸੋਹੀ, ਸੇਵਾ ਸਿੰਘ ਭਾਸ਼ੋ, ਬਲਵਿੰਦਰ ਚਹਿਲ, ਜਸਪ੍ਰੀਤ ਲੁਧਿਆਣਾ, ਤਰਸੇਮ, ਰੂਪ ਕੌਰ ਕੂੰਨਰ, ਹਰਪ੍ਰੀਤ ਕੌਰ ਸੰਧੂ, ਕੁਲਜੀਤ ਕੌਰ ਮੰਡ ਨੇ ਆਪਣੀ ਸ਼ਾਇਰੀ ਦਾ ਕਲਾਮ ਪੇਸ਼ ਕੀਤਾ। ਸ਼ਾਮ ਦੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੇ ਆਪੋ-ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਗਾਇਆ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ