ਯੈੱਸ ਪੰਜਾਬ
ਅੰਮ੍ਰਿਤਸਰ, 19 ਨਵੰਬਰ, 2024
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਬਲਕ ਸਪਲਾਈ ਸਕੀਮ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਅੱਜ ਅੰਮ੍ਰਿਤਸਰ ਪੁੱਜੇ। ਵੱਲਾ ਵਿੱਚ ਬਣ ਰਹੇ ਪ੍ਰੋਜੈਕਟ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਨੂੰ ਮੁਕੰਮਲ ਹੋਣ ਉਪਰੰਤ ਕਾਮਯਾਬ ਕਰਨ ਵਿੱਚ ਸਹਿਯੋਗ ਦੇਣ ਕਿਉਂਕਿ ਸ਼ਹਿਰ ਉਨਾਂ ਦਾ ਆਪਣਾ ਹੈ ਅਤੇ ਇੱਥੋਂ ਦਾ ਵਿਕਾਸ ਵੀ ਉਨਾਂ ਦਾ ਹੀ ਹੈ।
ਐਮ.ਪੀ ਔਜਲਾ ਨੇ ਵੱਲਾ ਨੇੜੇ ਬਣ ਰਹੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਅੱਪਰ ਬਾਰੀ ਦੁਆਬ ਕੈਨਾਲ (ਯੂ.ਬੀ.ਡੀ.ਸੀ.) ਦੇ ਪਾਣੀ ਨੂੰ ਟਰੀਟ ਕਰਨ ਲਈ ਵੱਲਾ ਪਿੰਡ ਵਿੱਚ 440 ਮਿਲੀਅਨ ਲੀਟਰ ਪ੍ਰਤੀ ਦਿਨ (ਐਮ.ਐਲ.ਡੀ.) ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ।
112 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਓਵਰਹੈੱਡ ਸਰਵਿਸ ਰਿਜ਼ਰਵਾਇਰਜ਼ (O8SRs) ਤੱਕ ਟਰੀਟ ਕੀਤੇ ਪਾਣੀ ਨੂੰ ਪਹੁੰਚਾਏਗੀ। ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਲਗਭਗ 88 O8SRs ਬਣਾਏ ਜਾਣਗੇ। ਜਲ ਸਪਲਾਈ ਨੈੱਟਵਰਕ ਨਾਲ ਜੁੜੇ ਘਰਾਂ ਨੂੰ O8SR ਤੋਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਵੱਲੋਂ ਇਸ ਪ੍ਰਾਜੈਕਟ ਲਈ ਫੰਡ ਦਿੱਤੇ ਗਏ ਹਨ ਅਤੇ ਇਸ ਪ੍ਰਾਜੈਕਟ ਨਾਲ ਸ਼ਹਿਰ ਨੂੰ 30 ਸਾਲਾਂ ਤੱਕ ਲਾਭ ਮਿਲਣ ਦੀ ਉਮੀਦ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਹੋਣ ਵਿੱਚ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਇਹ ਇੱਕ ਸ਼ਾਨਦਾਰ ਪ੍ਰਾਜੈਕਟ ਹੈ। ਗੁਰੂ ਨਗਰੀ ਉਨ੍ਹਾਂ ਦੀ ਆਪਣੀ ਹੈ ਅਤੇ ਜੇਕਰ ਇੱਥੇ ਵਿਕਾਸ ਦੇ ਕੰਮ ਹੁੰਦੇ ਹਨ ਤਾਂ ਉਹ ਵੀ ਉਨ੍ਹਾਂ ਦੇ ਹੀ ਹਨ।
ਇਹ ਪ੍ਰੋਜੈਕਟ ਘਰਾਂ ਵਿੱਚ ਵਰਤਿਆ ਜਾਣ ਵਾਲਾ ਪਾਣੀ ਲੋਕਾਂ ਤੱਕ ਪਹੁੰਚਾਏਗਾ ਅਤੇ ਲੋਕਾਂ ਨੂੰ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਦੀ ਮਹੱਤਤਾ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਮਨੁੱਖ ਨੇ ਇਸ ਤੋਂ ਮੂੰਹ ਮੋੜ ਲਿਆ ਹੈ।
ਜਿਸ ਲਈ ਜਾਗਰੂਕ ਹੋਣਾ ਜ਼ਰੂਰੀ ਹੈ। ਅੱਜ ਪਾਣੀ ਨੂੰ ਬਚਾਉਣ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਵੀ ਖਤਮ ਕਰਨ ਦੀ ਲੋੜ ਹੈ, ਜਿਸ ਲਈ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਘੱਟ ਰਿਹਾ ਹੈ ਪਰ ਲੋਕ ਸ਼ਾਂਤ ਨਹੀਂ ਹੋ ਰਹੇ। ਇਸ ਲਈ ਅਜਿਹੇ ਪ੍ਰੋਜੈਕਟਾਂ ਨੂੰ ਹੀ ਸਫਲ ਬਣਾਇਆ ਜਾਵੇ ਤਾਂ ਜੋ ਅਸੀਂ ਆਪਣਾ ਫਰਜ਼ ਨਿਭਾ ਸਕੀਏ। ਇਸ ਦੌਰਾਨ ਉਨ੍ਹਾਂ ਮਈ-ਜੂਨ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਵੀ ਕਿਹਾ ਤਾਂ ਜੋ ਮੀਂਹ ਪੈਣ ’ਤੇ ਝੋਨੇ ਨੂੰ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਅਤੇ ਵਾਤਾਵਰਨ ਪ੍ਰਤੀ ਪਿਆਰ ਦਿਖਾਉਣਾ ਚਾਹੀਦਾ ਹੈ।