ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 12, 2024:
ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਚੋਣਾਂ ਦੌਰਾਨ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੂਕੁਰੀ ਵੈਂਸ ਵੱਲੋਂ ਮਿਲੇ ਸਮਰਥਨ ਲਈ ਉਨਾਂ ਦਾ ਧੰਨਵਾਦ ਕੀਤਾ ਹੈ।
ਉਨਾਂ ਨੇ ਐਕਸ ਉਪਰ ਪਾਏ ਇਕ ਸੁਨੇਹੇ ਵਿਚ ਕਿਹਾ ਹੈ ਕਿ ਮੈਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨਾਲ ਆਪਣੀ ਚੋਣ ਮਹਿੰਮ ਦੌਰਾਨ ਪਤਨੀ ਊਸ਼ਾ ਚਿਲੂਕੁਰੀ ਵੱਲੋਂ ਮਿਲੇ ਬੇਮਿਸਾਲ ਅਟੱਲ ਸਮਰਥਨ ਲਈ ਉਨਾਂ ਦਾ ਦਿਲੋਂ ਧੰਨਵਾਦੀ ਹਾਂ।
ਉਨਾਂ ਕਿਹਾ ” ਮੇਰੀ ਜਿੱਤ ਸੰਭਵ ਬਣਾਉਣ ਲਈ ਮੇਰੀ ਸੁੰਦਰ ਪਤਨੀ ਦਾ ਧੰਨਵਾਦ”। ਉਨਾਂ ਨੇ ਉੱਪ ਰਾਸ਼ਟਰਪਤੀ ਵਜੋਂ ਦੇਸ਼ ਦੀ ਸੇਵਾ ਕਰਨ ਲਈ ਮੌਕਾ ਦੇਣ ਵਾਸਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ ਹੈ।
ਵੈਂਸ ਨੇ ਆਪਣੇ ਵਿਚ ਭਰੋਸਾ ਪ੍ਰਗਟਾਉਣ ਲਈ ਅਮਰੀਕੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੈਂ ਤੁਹਾਡੇ ਲਈ ਸੰਘਰਸ਼ ਕਰਨ ਵਾਸਤੇ ਕਦੀ ਵੀ ਚੈਨ ਨਾਲ ਨਹੀਂ ਬੈਠਾਂਗਾ।
ਇਥੇ ਜ਼ਿਕਰਯੋਗ ਹੈ ਕਿ ਚੋਣ ਜਿੱਤਣ ਉਪਰੰਤ ਫਲੋਰਿਡਾ ਵਿਚ ਆਪਣੇ ਸੰਬੋਧਨ ਦੌਰਾਨ ਟਰੰਪ ਨੇ ਜੇ ਡੀ ਵੈਂਸ ਤੇ ਉਨਾਂ ਦੀ ਪਤਨੀ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਸੀ।
ਉਨਾਂ ਨੇ ਮੰਚ ਤੋਂ ਪਹਿਲੀ ਵਾਰੀ ਜੇ ਡੀ ਵੈਂਸ ਦਾ ਹਵਾਲਾ ਉੱਪ ਰਾਸ਼ਟਰਪਤੀ ਵਜੋਂ ਦਿੱਤਾ, ਵੈਂਸ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਕਰਾਰ ਦਿੱਤਾ ।
ਉਨਾਂ ਕਿਹਾ ਕਿ ਇਹ ਨਤੀਜੇ ਅਮਰੀਕਾ ਦੇ ਇਤਿਹਾਸ ਵਿਚ ਰਾਜਸੀ ਵਾਪਸੀ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨਾਂ ਕਿਹਾ ਕਿ ਟਰੰਪ ਦੀ ਅਗਵਾਈ ਵਿਚ ਅਸੀਂ ਤੁਹਾਡੇ ਸੁਪਨਿਆਂ ਦੀ ਪੂਰਤੀ ਲਈ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛਡਾਂਗੇ ਤੇ ਇਸ ਵਾਸਤੇ ਨਿਰੰਤਰ ਸੰਘਰਸ਼ ਕਰਾਂਗੇ।