ਯੈੱਸ ਪੰਜਾਬ
ਜਲੰਧਰ, ਨਵੰਬਰ 7, 2024:
ਚਿੱਤਰਕਲਾ ਅਤੇ ਫੋਟੋਕਲਾ ਪ੍ਰਦਰਸ਼ਨੀ ਦੇ ਜੋਸ਼-ਖ਼ਰੋਸ਼ ਭਰੇ ਉਦਘਾਟਨ ਨਾਲ ਸ਼ੁਰੂ ਹੋਇਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਾਇਆ 33ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ।
ਪੰਜਾਬ ਦੇ ਨਾਮਵਰ ਚਿੱਤਰਕਾਰ/ਫੋਟੋਕਾਰ ਗੁਰਦੀਸ਼ ਜਲੰਧਰ, ਗੁਰਪ੍ਰੀਤ ਬਠਿੰਡਾ, ਸੁਖਜੀਵਨ ਪਟਿਆਲਾ, ਇੰਦਰਜੀਤ ਜਲੰਧਰ, ਇੰਦਰਜੀਤ ਮਾਨਸਾ, ਵਰੁਨ ਟੰਡਨ ਜਲੰਧਰ, ਰਣਜੀਤ ਕੌਰ ਮਲੌਟ, ਰਵਿੰਦਰ ਰਵੀ ਲੁਧਿਆਣਾ, ਕੰਵਰਦੀਪ ਸਿੰਘ ਕਪੂਰਥਲਾ, ਪਾਰਸ ਫਗਵਾੜਾ ਨੇ ਸ਼ਮ੍ਹਾਂ ਰੌਸ਼ਨ ਕੀਤੀ। ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਆਏ ਹੋਏ ਸਨ।
ਸ਼ਮ੍ਹਾਂ ਰੌਸ਼ਨ ਕਰਦਿਆਂ ਗੁਰਦੀਸ਼ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ਵਿੱਚ ਚਿੱਤਰਕਲਾ/ਫੋਟੋ ਕਲਾ ਨੂੰ ਸਨਮਾਨਤ ਥਾਂ ਦੇ ਕੇ ਇਸ ਵਿਧਾ ਨੂੰ ਲੋਕਾਂ ਦੇ ਹੋਰ ਨੇੜੇ ਕਰਨ ਲਈ ਪ੍ਰਭਾਵਸ਼ਾਲੀ ਕਾਰਜ਼ ਕੀਤਾ। ਉਹਨਾਂ ਕਿਹਾ ਕਿ ਇਸ ਕਲਾ ਮਾਧਿਅਮ ਦੇ ਕਾਮਿਆਂ ਨੂੰ ਨਵਾਂ ਉਤਸ਼ਾਹ ਅਤੇ ਊਰਜਾ ਮਿਲੇਗੀ।
ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੇ ਕਿਹਾ ਕਿ ਕਵੀ ਸੁਰਜੀਤ ਪਾਤਰ ਦਾ ਕਹਿਣਾ ਸੀ ਕਿ ਪੰਜਾਬ ਦੀ ਕਵਿਤਾ ਅਤੇ ਰੰਗਮੰਚ ਮੁੱਢ ਕਦੀਮ ਤੋਂ ਹੀ ਨਾਬਰੀ ਭਰੀ ਕਰਾਂਤੀਕਾਰੀ ਪਰੰਪਰਾ ਦੇ ਝੰਡਾ ਬਰਦਾਰ ਰਹੇ ਹਨ ਪਰ ਹੁਣ ਚਿੱਤਰਕਲਾ ਦੀ ਵਿਧਾ ਨੇ ਵੀ ਮਾਣਮੱਤੇ ਅੰਦਾਜ਼ ਵਿੱਚ ਲੋਕ-ਪੱਖੀ ਇਨਕਲਾਬੀ ਦਿਸ਼ਾ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ। ਇਹ ਸੁਲੱਖਣਾ ਵਰਤਾਰਾ ਭਵਿੱਖ਼ ਵਿੱਚ ਹੋਰ ਵੀ ਨਿੱਗਰ ਪੁਲਾਂਘਾ ਪੁੱਟੇਗਾ।
ਚਿੱਤਰਕਲਾ ਪ੍ਰਦਰਸ਼ਨੀ ਦੀ ਟੀਮ ਦੇ ਆਗੂ ਡਾ. ਸੈਲੇਸ਼ ਅਤੇ ਕਨਵੀਨਰ ਵਿਜੈ ਬੰਬੇਲੀ ਨੇ ਬੋਲਦਿਆਂ ਕਿਹਾ ਕਿ ਸਾਡੀ ਉਮੀਦ ਤੋਂ ਵਡੇਰਾ ਹੁੰਗਾਰਾ ਭਰਨ ਲਈ ਅਤੇ ਮਾਣਯੋਗ ਚਿੱਤਰਕਾਰਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਦਿਲੋਂ ਧੰਨਵਾਦ ਕਰਦੇ ਹਾਂ।
ਸ਼ਮ੍ਹਾਂ ਰੌਸ਼ਨ ਕਰਨ ਸਮੇਂ ਬੋਲਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਚਿੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਵਿੱਚ ਇਹ ਨਵਾਂ ਅਧਿਆਏ ਮੇਲੇ ਵਿੱਚ ਵਿਸ਼ੇਸ਼ ਕਰਕੇ ਸ਼ਹਿਰੀ ਲੋਕਾਂ ਦੀ ਹਾਜ਼ਰੀ ਜੋੜਨ ’ਚ ਅਹਿਮ ਰਿਹਾ ਹੈ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਚਿੱਤਰਕਲਾ ਅਤੇ ਫੋਟੋਕਲਾ ਅਸਲ ’ਚ ਇਤਿਹਾਸ ਅਤੇ ਅਨੇਕਾਂ ਪੱਖਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਸੰਭਾਲਣ ਦਾ ਅਮੁੱਲਾ ਕਾਰਜ ਹੈ ਜੋ ਨਵੀਆਂ ਪੀੜ੍ਹੀਆਂ ਦੇ ਮਨ ਮਸਤਕ ਉਪਰ ਅਮਿੱਟ ਪ੍ਰਭਾਵ ਸਿਰਜਦਾ ਹੈ।
ਇਸ ਉਦਘਾਟਨੀ ਸਮਾਰੋਹ ਮੌਕੇ ਝੰਡੇ ਦੇ ਗੀਤ ਦੇ ਦਰਜਣਾਂ ਕਲਾਕਾਰਾਂ ਨੇ ਵੀ ਪ੍ਰਦਰਸ਼ਨੀ ਦਾ ਆਨੰਦ ਮਾਣਿਆਂ ਅਤੇ ਬੁੱਧੀਜੀਵੀਆਂ, ਲੇਖਕਾਂ, ਕਲਾ ਪ੍ਰੇਮੀਆਂ ਅਤੇ ਪੱਤਰਕਾਰਾਂ ਨੇ ਪ੍ਰਦਰਸ਼ਨੀ ਦੇ ਪ੍ਰਭਾਵ ਸਾਂਝੇ ਕੀਤੇ।
ਅੱਜ ਦੀ ਸ਼ਾਮ ਸੀ, ਪੁਸਤਕ ਸਭਿਆਚਾਰ ਦੇ ਨਾਮ। ਇਸ ਦੇ ਮੰਚ ਸੰਚਾਲਕ ਕਵੀ, ਆਲੋਚਕ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਪੁਸਤਕ ਸਭਿਆਚਾਰ ਅਤੇ ਪੁਸਤਕ ਪ੍ਰਦਰਸ਼ਨੀ ਦੇ ਸੁਮੇਲ ਦਾ ਮਹੱਤਵ ਸਾਂਝਾ ਕੀਤਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸ੍ਰੀਮਤੀ ਕੈਲਾਸ਼ ਕੌਰ, ਡਾ. ਸੁਰਜੀਤ ਪਾਤਰ, ਹਰਬੰਸ ਹੀਓਂ, ਇਕਬਾਲ ਖ਼ਾਨ, ਅਮਰਜੀਤ ਪ੍ਰਦੇਸੀ ਅਤੇ ਕੁਲਦੀਪ ਜਲੂਰ ਦੇ ਦਰਦਨਾਕ ਵਿਛੋੜੇ ਉਹਨਾਂ ਦੀ ਮੇਲੇ ਅਤੇ ਸਮਾਜ ਨੂੰ ਦੇਣ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਿਛੜਿਆਂ ਨੂੰ ਸਮੂਹ ਹਾਜ਼ਰੀਨ ਵੱਲੋਂ ਸਿਜਦਾ ਕੀਤਾ।
ਮੰਚ ’ਤੇ ਸ਼ਸ਼ੋਭਤ ਭਗਵੰਤ ਰਸੂਲਪੁਰੀ, ਡਾ. ਹਰਜੀਤ, ਖੁਸ਼ਵੰਤ ਬਰਗਾੜੀ, ਦੀਪ ਦਿਲਬਰ, ਬਲਬੀਰ ਪਰਵਾਨਾ ਨੇ ਵਿਚਾਰ-ਚਰਚਾ ’ਚ ਭਾਗ ਲਿਆ। ‘ਫੁਲਵਾੜੀ’ ਪੱਤ੍ਰਿਕਾ ਦੀ 100ਵੀਂ ਵਰੇ੍ਹਗੰਢ ਮੌਕੇ ਉਸਦੀ ਬਹੁ-ਪੱਖੀ ਦੇਣ ਉਪਰ ਡਾ. ਹਰਜੀਤ ਸਿੰਘ (‘ਫੁਲਵਾੜੀ’ ਦੇ ਸੰਸਥਾਪਕ ਸੰਪਾਦਕ ਹੀਰਾ ਸਿੰਘ ਦਰਦ ਦੇ ਪੋਤਰੇ) ਨੇ ਰੌਸ਼ਨੀ ਪਾਈ।
ਮੰਚ ਤੇ ਸਸ਼ੋਭਤ ਸਮੂਹ ਸਖਸ਼ੀਅਤਾਂ ਨੇ ਪੁਸਤਕ ਸਭਿਆਚਾਰ ਦੇ ਬਹੁ-ਪੱਖਾਂ ਉਪਰ ਵਿਚਾਰਾਂ ਕੀਤੀਆਂ। ਇਹ ਵਿਚਾਰ-ਚਰਚਾ ਜ਼ਮੀਨ ਨਾਲ ਜੁੜੇ ਅਨੁਭਵ ਸਾਂਝੇ ਕਰਨ ਅਤੇ ਨਵੇਂ ਰਾਹਾਂ ਵੱਲ ਸੋਚਣ ਦੀਆਂ ਸੈਨਤਾਂ ਕਰਨ ਵਿੱਚ ਸਫ਼ਲ ਰਹੀ।
ਮੰਚ ਸੰਚਾਲਕ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਤੋਂ ਇਲਾਵਾ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਹਾਜ਼ਰੀਨ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।
ਅੱਜ 8 ਨਵੰਬਰ ਹੋਏਗਾ ਕੁਇਜ਼, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲਾ। ਪੇਂਟਿੰਗ ਮੁਕਾਬਲਾ ਦੇ ਇਨਾਮ-ਸਨਮਾਨ ਵੰਡ ਮੌਕੇ ਵਿਦਿਆਰਥੀਆਂ ’ਚ ਵਿਗਿਆਨਕ ਸੋਚ ਬਾਰੇ ਵਿਚਾਰਾਂ ਅਤੇ ਬਾਲ ਕਲਾਕਾਰਾਂ ਵੱਲੋਂ ‘ਜਲ੍ਹਿਆਂਵਾਲਾ ਬਾਗ਼’ ਬਾਲ ਨਾਟਕ ਹੋਏਗਾ।
ਵਿਗਿਆਨਕ ਵਿਚਾਰਾਂ ਬਾਰੇ ਬੱਚਿਆਂ ਨਾਲ ਗੱਲਬਾਤ ਹੋਏਗੀ। ਬਾਅਦ ਦੁਪਹਿਰ ਵਿਚਾਰ-ਚਰਚਾ ਨੂੰ ਸੰਬੋਧਨ ਕਰਨਗੇ ਡਾ. ਅਪੂਰਵਾਨੰਦ ਅਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ।
ਸ਼ਾਮ 4 ਵਜੇ ਕਵੀ-ਦਰਬਾਰ, 6 ਵਜੇ ‘ਮਾਟੀ ਕੇ ਲਾਲ’ ਫ਼ਿਲਮ ਦਿਖਾਈ ਜਾਏਗੀ। ਫ਼ਿਲਮਸਾਜ਼ ਸੰਜੇ ਕਾਕ ਸੰਬੋਧਨ ਕਰਨਗੇ।