ਯੈੱਸ ਪੰਜਾਬ
ਹੁਸ਼ਿਆਰਪੁਰ, 30 ਅਕਤੂਬਰ, 2024
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਲੋਂ ਲੇਖਕ ਜਸਵਿੰਦਰ ਪਾਲ ਹੈਪੀ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਦਾ ਲੋਕ ਅਰਪਣ ਅਤੇ ਗੋਸ਼ਟੀ ਕਰਵਾਈ ਗਈ।
ਸਮਾਗਮ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਸਿੱਖਿਆ ਹੁਸ਼ਿਆਰਪੁਰ, ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ, ਡਾ. ਜਸਵੰਤ ਰਾਏ ਅਤੇ ਕਵੀ ਜਸਵਿੰਦਰ ਹੈਪੀ ਨੇ ਕੀਤੀ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਗੋਸ਼ਟੀ ਦੌਰਾਨ ਬਲਜਿੰਦਰ ਮਾਨ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ‘ਕਿੱਥੇ ਆਲ੍ਹਣਾ ਪਾਈਏ’ ਬਾਰੇ ਪੰਛੀ ਝਲਕ ਪੇਸ਼ ਕੀਤੀ।
ਉਨ੍ਹਾਂ ਕਿਹਾ ਕਿ ਕਾਵਿ ਸੰਗ੍ਰਹਿ ਵਿਚ ਪੰਜਾਬੀ ਬਾਲ ਸਾਹਿਤ ਦੀ ਅਜੋਕੀ ਸਥਿਤੀ, ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ ਹੈ।ਪੁਸਤਕ ਲੋਕ ਅਰਪਣ ਉਪਰੰਤ ਡਾ. ਸ਼ਮਸ਼ੇਰ ਮੋਹੀ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਲ ਸਾਹਿਤ ਲਿਖਣਾ ਪ੍ਰੋੜ ਸਾਹਿਤਕਾਰੀ ਨਾਲੋਂ ਔਖਾ ਤੇ ਵਿਲੱਖਣ ਕੰਮ ਹੈ ਅਤੇ ਲੇਖਕ ਦਾ ਇਹ ਉਪਰਾਲਾ ਸਲਾਹੁਣਯੋਗ ਹੈ।
ਸੁਖਵਿੰਦਰ ਸਿੰਘ, ਜਸਬੀਰ ਧੀਮਾਨ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਰਜੀਤ ਰਾਜਾ, ਸ਼ਿੰਦਰ ਪਾਲ ਨੇ ਬਾਲ ਮਨੋਵਿਗਿਆਨ ਨੂੰ ਸਮਝ ਕੇ ‘ਕਿੱਥੇ ਆਲ੍ਹਣਾ ਪਾਈਏ’ ਦੀਆਂ ਬਾਲ ਕਵਿਤਾਵਾਂ ਦੀ ਸਿਰਜਣਾ ਕਰਨ ਲਈ ਜਸਵਿੰਦਰ ਹੈਪੀ ਨੂੰ ਵਧਾਈ ਦਿੱਤੀ ਅਤੇ ਅਗਾਂਹ ਵੀ ਇਹ ਸਫ਼ਰ ਜਾਰੀ ਰੱਖਣ ਦੀ ਤਾਕੀਦ ਕੀਤੀ।ਕਵੀ ਜਸਵਿੰਦਰ ਨੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਰੱਖੇ।
ਡਾ. ਜਸਵੰਤ ਰਾਏ ਨੇ ਸਮਾਗਮ ਨੂੰ ਸਮੇਟਦਿਆਂ ਪੁਸਤਕ ਬਾਰੇ ਪੇਸ਼ ਟਿੱਪਣੀਆਂ ਦਾ ਜਵਾਬ ਦਿੰਦਿਆਂ ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਇਹ ਸਮਾਗਮ ਰਚਾਉਣ ਲਈ ਆਏ ਹੋਏ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦਾ ਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਇਵੇਂ ਦੇ ਸਮਾਗਮਾਂ ਲਈ ਹਮੇਸ਼ਾ ਖੁੱਲ੍ਹਾ ਹੈ।
ਇਸ ਸਮੇਂ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ।ਜਸਵਿੰਦਰ ਹੈਪੀ ਦਾ ਵੀ ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਰਜਿੰਦਰ ਹਰਗੜ੍ਹੀਆ ਵੱਲੋਂ ਬਾਖ਼ੂਬੀ ਨਿਭਾਈ ਗਈ।ਇਸ ਸਮੇਂ ਮੈਡਮ ਸ਼ਕੁੰਤਲਾ, ਬਿਮਲਾ, ਸੁਨੀਤਾ, ਲਵਪ੍ਰੀਤ, ਅਸ਼ੋਕ ਕੁਮਾਰ, ਨਰਿੰਦਰ ਪਾਲ ਸਿੰਘ, ਡਾ. ਦਰਸ਼ਨ ਸਿੰਘ ਦਰਸ਼ਨ, ਲਾਲ ਸਿੰਘ, ਪੁਸ਼ਪਾ ਰਾਣੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।