ਅੱਜ-ਨਾਮਾ
ਜੰਮੂ-ਕਸ਼ਮੀਰ ਵਿੱਚ ਨਵੀਂ ਸਰਕਾਰ ਆਈ,
ਆਉਂਦੇ ਸਾਰ ਸਰਗਰਮ ਫਿਰ ਹੋਈ ਮੀਆਂ।
ਪੂਰਨ ਰਾਜ ਲਈ ਲਿਆ ਫਿਰ ਮੰਗ ਦਰਜ਼ਾ,
ਜਿਹੜਾ ਖੁੱਸ ਗਿਆ, ਮੰਗਿਆ ਸੋਈ ਮੀਆਂ।
ਛਾਂਗ-ਛੰਗਾਈ ਇਹ ਜਿਨ੍ਹਾਂ ਸੀ ਆਪ ਕੀਤੀ,
ਅੱਜਕੱਲ੍ਹ ਕਰਦੇ ਵਿਰੋਧ ਨਹੀਂ ਕੋਈ ਮੀਆਂ।
ਦਿੱਸਦਾ ਇੰਜ ਕਿ ਲਾਏ ਕਈ ਦਾਗ ਜਿਹੜੇ,
ਖੁਦ ਹੀ ਦਾਗ ਉਹ ਜਾਣ ਫਿਰ ਧੋਈ ਮੀਆਂ।
ਆਪੇ ਜ਼ਖਮ ਦੇਣਾ, ਆਪੇ ਮਰਹਮ ਲਾਉਣਾ,
ਹੇਜਲੇ ਬਣਨ ਦਾ ਹੋਵੇ ਪਿਆ ਯਤਨ ਮੀਆਂ।
ਹੱਸਿਆ ਘੱਟ, ਪਰ ਚੀਕਦਾ ਬਹੁਤ ਰਹਿੰਦਾ,
ਇਹੋ ਜਿਹੇ ਹਾਲ ਦੇ ਵਿੱਚ ਹੈ ਵਤਨ ਮੀਆਂ।
ਤੀਸ ਮਾਰ ਖਾਂ
20 ਅਕਤੂਬਰ, 2024
ਇਹ ਵੀ ਪੜ੍ਹੋ: ਰਾਮ ਰਹੀਮ ਦੀ ਫਸੀ ਫਿਰ ਜਿੰਦ ਲੱਗਦੀ, ਸੁਪਰੀਮ ਕੋਰਟ ਨੇ ਮਾਰੀ ਆ ਸੱਟ ਮੀਆਂ