ਦਲਜੀਤ ਕੌਰ
ਨਵੀਂ ਦਿੱਲੀ, 12 ਸਤੰਬਰ 2024
ਲੰਮੇ ਸਮੇਂ ਤੋਂ ਪੰਜਾਬ ਪੇ ਸਕੇਲ ਬਹਾਲ ਕਰਵਾਉਣ ਲਈ 3704 ਅਧਿਆਪਕ ਯੂਨੀਅਨ ਦੀ ਮੀਟਿੰਗ ਅੱਜ ਪੇ ਸਕੇਲ ਰੀਵਿਊ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ।
ਇਸ ਵਿੱਚ ਸਰਕਾਰ ਵੱਲੋਂ ਬਣੀ ਸਬ ਕਮੇਟੀ ਵਿੱਚ ਮੰਤਰੀ ਅਮਨ ਅਰੋੜਾ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ -ਨਾਲ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਵੀ ਮੌਜੂਦ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ 3704 ਅਧਿਆਪਕ ਯੂਨੀਅਨ ਦੇ ਆਗੂਆਂ ਜਗਜੀਵਨਜੋਤ ਸਿੰਘ, ਦਵਿੰਦਰ ਕੁਮਾਰ ਸੰਗਰੂਰ, ਹਰਵਿੰਦਰ ਸਿੰਘ, ਗੁਰਪਿਆਰ ਸਿੰਘ ਤੇ ਹੋਰ ਮੌਜੂਦ ਸਾਥੀਆਂ ਨੇ 3704 ਅਧਿਆਪਕਾਂ ਉੱਪਰ ਪੰਜਾਬ ਪੇ ਸਕੇਲ ਬਹਾਲ ਕਰਨ ਦੇ ਕਾਰਨ ਦੱਸ ਆਪਣਾ ਪੱਖ ਪੂਰਨ ਤਰੀਕੇ ਨਾਲ ਰੱਖਿਆ।
ਸਬ ਕਮੇਟੀ ਵੱਲੋਂ ਇਸ ਮੀਟਿੰਗ ਵਿੱਚ ਤਸੱਲੀ ਦਿੱਤੀ ਗਈ ਕਿ ਤੁਹਾਡਾ ਮਸਲਾ ਮੁੱਖ ਮੰਤਰੀ ਸਾਹਿਬ ਦੇ ਧਿਆਨ ਅਧੀਨ ਹੈ ਅਤੇ ਜਲਦ ਤੋਂ ਜਲਦ ਇਸ ਕੇਸ ਨੂੰ ਰੀਵਿਊ ਕਰਕੇ ਹੱਲ ਕਰਨ ਲਈ ਕਮੇਟੀ ਨੂੰ ਆਰਡਰ ਦਿੱਤੇ ਗਏ ਹਨ।
ਇਸ ਸਮੇਂ ਦਵਿੰਦਰ ਕੁਮਾਰ ਸੰਗਰੂਰ, ਜਗਜੀਵਨਜੋਤ ਮਾਨਸਾ ਨੇ ਕਿਹਾ ਕਿ ਜੇਕਰ ਜਲਦ 3704 ਅਧਿਆਪਕਾਂ ਉੱਪਰ ਪੰਜਾਬ ਪੇ ਸਕੇਲ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ, ਹਰਿਆਣਾ ਚੋਣਾਂ ਅਤੇ ਪਿੰਡ ਪੱਧਰ ਉਪਰ ਹੋ ਰਹੀਆਂ ਚੋਣਾਂ ਵਿੱਚ ਸਰਕਾਰ ਦੀ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ।