ਯੈੱਸ ਪੰਜਾਬ
ਜਲੰਧਰ, 17 ਅਗਸਤ, 2024
ਦੀਵਾਲੀ ਦੇ ਤਿਓਹਾਰ ਨੂੰ ਮੱਦੇ ਨਜ਼ਰ ਰੱਖਦਿਆਂ ਇਸ ਵਾਰ 7, 8, 9 ਨਵੰਬਰ ਨੂੰ ਹੋਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ।
ਇਸ ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। ਇਸ ਦਿਨ ਹੀ ਪੇਸ਼ ਹੋਣ ਵਾਲੇ ਝੰਡੇ ਦੇ ਗੀਤ ਦੀ ਵਰਕਸ਼ਾਪ ਇਸ ਵਾਰ ਦੀਵਾਲੀ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗੇਗੀ।
ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’ ਦਾ ਨਾਂਅ ਦਿੱਤਾ ਜਾਏਗਾ। ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਮੰਚ’ ਅਤੇ
ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਦਾ ਨਾਂਅ ਦਿੱਤਾ ਜਾਏਗਾ।
‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਵਿੱਚ ਹੀ ਮੇਲੇ ਦੇ ਪਹਿਲੇ ਦਿਨ 7 ਨਵੰਬਰ ਦਿਨ ਸ਼ੁੱਕਰਵਾਰ ਸ਼ਾਮ ਠੀਕ 4 ਵਜੇ ਰੂਸੀ ਕਰਾਂਤੀ ਦੇ ਦਿਹਾੜੇ ਨੂੰ ਸਿਜਦਾ ਕਰਦੇ ਹੋਏ ‘ਪੁਸਤਕ ਸਭਿਆਚਾਰ ਦੀ ਮਹੱਤਤਾ, ਅਮਿੱਟ ਦੇਣ ਅਤੇ ਸਾਡੇ ਸਮਿਆਂ ਦੀ ਲੋੜ’ ਵਿਸ਼ੇ ’ਤੇ ਚਰਚਾ ਹੋਏਗੀ। ਇਸ ਮੌਕੇ ਸਾਡੇ ਕੋਲੋਂ ਵਿਛੜੇ ਸੁਰਜੀਤ ਪਾਤਰ ਸਮੇਤ ਕਵੀਆਂ, ਲੇਖਕਾਂ ਨੂੰ ਯਾਦ ਕੀਤਾ ਜਾਏਗਾ।
8 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ ਕੁਇਜ਼, ਪੇਂਟਿੰਗ, ਗਾਇਨ ਅਤੇ ਭਾਸ਼ਣ ਮੁਕਾਬਲੇ ਵੱਖ-ਵੱਖ ਹਾਲਾਂ ਵਿੱਚ ਹੋਣਗੇ। ਕੁਇਜ਼ ਮੁਕਾਬਲਾ ਪੁਸਤਕ ‘ਕਿਰਤੀ ਵਾਰਤਕ : ਸ਼ਹੀਦੀ ਜੀਵਨੀਆਂ’ (ਸੰਪਾਦਕ: ਚਰੰਜੀ ਲਾਲ ਕੰਗਣੀਵਾਲ) ਉਪਰ ਹੋਏਗਾ। ਸ਼ਾਮ 4 ਵਜੇ ਕਵੀ- ਦਰਬਾਰ, ਫ਼ਿਲਮ ਸ਼ੋਅ ਹੋਏਗਾ।
ਇਸ ਦਿਨ ਬਾਬਾ ਜਵਾਲਾ ਸਿੰਘ ਹਾਲ ਵਿੱਚ ਤਿੰਨ ਨਵੇਂ ਫੌਜਦਾਰੀ ਅਤੇ ਕਾਲ਼ੇ ਕਾਨੂੰਨਾਂ ਦੇ ਮਨਸ਼ੇ, ਮਾਰੂ ਪ੍ਰਭਾਵ ਅਤੇ ਇਹਨਾਂ ਖਿਲਾਫ਼ ਜਨਤਕ ਆਵਾਜ਼ ਸਬੰਧੀ ਵਿਚਾਰ-ਚਰਚਾ ਹੋਏਗੀ।
ਜਿਸ ਵਿੱਚ ਉੱਘੇ ਵਿਦਵਾਨਾਂ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ। ਮੇਲੇ ਦੇ ਸਿਖ਼ਰਲੇ ਦਿਨ ਏਸੇ ਹਾਲ ਵਿੱਚ ‘ਖੇਤੀ ਸੰਕਟ, ਪਾਣੀ ਅਤੇ ਵਾਤਾਵਰਣ’ ਸਬੰਧੀ ਵਿਚਾਰ-ਚਰਚਾ ਹੋਏਗੀ।
ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਕਿ ਮੇਲੇ ਦੀਆਂ ਤਿਆਰੀਆਂ, ਪ੍ਰਚਾਰ, ਲਾਮਬੰਦੀ ਦੇ ਕਾਰਜ਼ ਨੂੰ ਮਹੱਤਤਾ ਦਿੰਦੇ ਹੋਏ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕਿਰਤੀ-ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਲੇਖਕਾਂ, ਬੁੱਧੀਜੀਵੀਆਂ, ਤਰਕਸ਼ੀਲਾਂ, ਜਮਹੂਰੀ ਹਲਕਿਆਂ ਵਿੱਚ ਹੁਣ ਤੋਂ ਹੀ ਜ਼ੋਰਦਾਰ ਮੁਹਿੰਮ ਲਾਮਬੰਦ ਕੀਤੀ ਜਾਏਗੀ।
ਮੇਲੇ ’ਚ ਲੰਗਰ ਦੇ ਖਰਚੇ ਦੀ ਜਿੰਮੇਵਾਰੀ ਤਰਨਤਾਰਨ ਜ਼ਿਲ੍ਹੇ ਦੇ ਗ਼ਦਰੀ ਦੇਸ਼ ਭਗਤਾਂ ਦੇ ਨਗਰਾਂ ਅਤੇ ਕਮੇਟੀਆਂ ਨੇ ਆਪਣੇ ਸਿਰ ਲੈਂਦੇ ਹੋਏ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ।
9 ਨਵੰਬਰ ਸਾਰਾ ਦਿਨ ਸਾਰੀ ਰਾਤ ਗੀਤ-ਸੰਗੀਤ, ਐਕਸ਼ਨ ਗੀਤ, ਵਿਚਾਰ-ਚਰਚਾ, ਨਾਟਕ ਨਿਰੰਤਰ ਜਾਰੀ ਰਹਿਣਗੇ। ਇਸ ਦਿਨ ਮੇਲੇ ਦੇ ਮੁੱਖ ਵਕਤਾ ਵਜੋਂ ਮੁਲਕ ਦੇ ਨਾਮਵਰ ਬੁੱਧੀਜੀਵੀਆਂ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ। ਇਉਂ ਮੇਲਾ 10 ਨਵੰਬਰ ਸਵੇਰੇ ਸਰਘੀ ਵੇਲੇ ਜੋਸ਼-ਖਰੋਸ਼ ਨਾਲ ਸੰਪਨ ਹੋਏਗਾ।