ਯੈੱਸ ਪੰਜਾਬ
ਲੁਧਿਆਣਾ, 7 ਜਨਵਰੀ, 2025
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਅੰਤਿਮ Photo Voter List ਅਨੁਸਾਰ ਲੁਧਿਆਣਾ ਵਿੱਚ ਹੁਣ 2688697 ਵੋਟਰ ਹਨ। 29 ਅਕਤੂਬਰ, 2024 ਤੋਂ 28 ਨਵੰਬਰ, 2024 ਤੱਕ ਸ਼ੁਰੂ ਹੋਈ Voter ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੋਧ ਦੌਰਾਨ ਕੁੱਲ 15709 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ।
ਆਪਣੇ ਦਫ਼ਤਰ ਵਿੱਚ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਨੁਮਾਇੰਦਿਆਂ ਨੂੰ Voter List ਸੌਂਪਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਡਰਾਫਟ ਵੋਟਰ ਸੂਚੀ ਪ੍ਰਕਾਸ਼ਨ ਸਮੇਂ ਜ਼ਿਲ੍ਹੇ ਵਿੱਚ ਕੁੱਲ 2672988 ਵੋਟਰ ਸਨ, ਜਿਨ੍ਹਾਂ ਵਿੱਚ 1423098 ਪੁਰਸ਼, 1249744 ਔਰਤਾਂ ਅਤੇ 146 ਤੀਜਾ ਲਿੰਗ ਸ਼ਾਮਲ ਸਨ ਅਤੇ ਹੁਣ ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਅਨੁਸਾਰ ਇਸ ਵਿੱਚ 1430951 ਪੁਰਸ਼, 1257601 ਔਰਤਾਂ ਅਤੇ 145 ਤੀਜਾ ਲਿੰਗ ਵੋਟਰ ਹਨ। 29 ਅਕਤੂਬਰ, 2024 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਦੇ ਮੁਕਾਬਲੇ 4471 ਨੌਜਵਾਨ ਵੋਟਰਾਂ, 82 ਅਪਾਹਜ ਵਿਅਕਤੀਆਂ, ਛੇ ਪ੍ਰਵਾਸੀ ਭਾਰਤੀਆਂ ਦਾ ਇਜਾਫਾ ਹੋਇਆ ਹੈ।
ਸ੍ਰੀ ਰੋਹਿਤ ਗੁਪਤਾ ਨੇ ਇਹ ਵੀ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦੌਰਾਨ ਜ਼ਿਲ੍ਹੇ ਵਿੱਚ ਸੰਭਾਵੀ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਦੀਆਂ ਵੈੱਬਸਾਈਟਾਂ www.eci.nic.in ਅਤੇ www.ceopunjab.gov.in ‘ਤੇ ਵੋਟਰ ਸੂਚੀ ਦੀ ਜਾਂਚ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕੋਈ ਵੀ ਵਿਅਕਤੀ ਅਜੇ ਵੀ ਆਨਲਾਈਨ ਜਾਂ ਔਫਲਾਈਨ ਢੰਗਾਂ ਰਾਹੀਂ ਵੋਟਰ ਵਜੋਂ ਰਜਿਸਟਰ ਕਰਨ ਲਈ ਅਰਜ਼ੀ ਦੇ ਸਕਦਾ ਹੈ।