ਯੈੱਸ ਪੰਜਾਬ
ਤਰਨ ਤਾਰਨ, 12 ਜਨਵਰੀ, 2025
ਹਲਕਾ Khadoor Sahib ਦੇ ਵਿਧਾਇਕ ਸ Manjinder Singh Lalpura ਨੇ ਆਪਣੇ ਹਲਕੇ ਦੀਆਂ ਪੰਚਾਇਤਾਂ ਵੱਲੋਂ ਆਏ ਹੋਏ ਮਤਿਆਂ ਦੀ ਪ੍ਰੋੜਤਾ ਕਰਦੇ ਐਲਾਨ ਕੀਤਾ ਕਿ ਮੇਰੇ ਹਲਕੇ ਦੀਆਂ ਪੰਚਾਇਤਾਂ ਨਸ਼ਾ ਵੇਚਣ ਵਾਲੇ, ਲੁੱਟਾਂ ਖੋਹਾਂ ਕਰਨ ਵਾਲੇ ਜਾਂ ਕੋਈ ਵੀ ਅਪਰਾਧਿਕ ਕਾਰਵਾਈ ਕਰਨ ਵਾਲੇ ਵਿਅਕਤੀ ਦੀ ਹਮਾਇਤ ਵਿੱਚ ਪੁਲਿਸ ਕੋਲ ਨਹੀਂ ਜਾਣਗੀਆਂ।
ਉਹਨਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਮੈਂ ਇੱਕ ਦਿਨ ਪਹਿਲਾਂ ਹੀ Social Media ਜ਼ਰੀਏ ਆਪਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਆਪਾਂ Punjab ਵਿੱਚੋਂ ਨਸ਼ਾ ਮੁਕਾਉਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਾਉਣਾ ਪਵੇਗਾ, ਸੋ ਇਸ ਲਈ ਜਰੂਰੀ ਹੈ ਕਿ ਤੁਸੀਂ ਅਜਿਹੇ ਲੋਕਾਂ ਦੀ ਹਮਾਇਤ ਵਿੱਚ ਪੁਲਿਸ ਕੋਲ ਨਾ ਜਾਓ, ਬਲਕਿ ਪੁਲਿਸ ਨੂੰ ਅਜਿਹੇ ਵਿਅਕਤੀਆਂ ਨਾਲ ਲੜਨ ਲਈ ਹੌਸਲਾ ਦਿਓ।
ਉਹਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਹਲਕੇ ਦੀਆਂ ਲਗਭਗ 50 ਫੀਸਦੀ ਪੰਚਾਇਤਾਂ ਨੇ ਅਗਲੇ ਦਿਨ ਹੀ ਇਸ ਐਲਾਨ ਦੀ ਹਮਾਇਤ ਵਿੱਚ ਮਤੇ ਪਾ ਦਿੱਤੇ ਹਨ ਅਤੇ ਬਾਕੀਆਂ ਨੇ ਵੀ ਫੋਨ ਉੱਤੇ ਇਸ ਨੇਕ ਕੰਮ ਲਈ ਨਾਲ ਤੁਰਨ ਦੀ ਹਾਮੀ ਭਰ ਦਿੱਤੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਜੋ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਅਸੀਂ ਉਸ ਦੇ ਡਟਵੀਂ ਹਮਾਇਤ ਕਰਦੇ ਹਾਂ ਅਤੇ ਮੇਰੀਆਂ ਪੰਚਾਇਤਾਂ ਨੇ ਮਤੇ ਪਾ ਕੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ। ਉਹਨਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਪੁਲਿਸ ਨੇ ਹਲਕਾ ਖਡੂਰ ਸਾਹਿਬ ਦੇ ਇਲਾਕੇ ਵਿੱਚੋਂ ਹੀ 25 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਅਤੇ 300 ਬੰਦਿਆਂ ਉੱਤੇ ਇਸ ਅਪਰਾਧ ਸਬੰਧੀ ਪਰਚੇ ਦਰਜ ਕੀਤੇ ਹਨ।
ਉਹਨਾਂ ਜਿਲ੍ਹਾ ਪੁਲਿਸ ਮੁਖੀ ਸ੍ਰੀ ਅਭਿਮੰਨਿਊ ਰਾਣਾ ਦੀ ਪਿੱਠ ਥਾਪੜਦੇ ਕਿਹਾ ਕਿ ਉਹਨਾਂ ਨੇ ਜਿਸ ਤਰ੍ਹਾਂ ਦਿਨ ਰਾਤ ਇੱਕ ਕਰਕੇ ਅਪਰਾਧ ਅਤੇ ਨਸ਼ੇ ਦੇ ਖਾਤਮੇ ਲਈ ਬੀੜਾ ਚੁੱਕਿਆ ਹੈ, ਉਸ ਦੀ ਸਿਫਤ ਕਰਨੀ ਬਣਦੀ ਹੈ।
ਉਹਨਾਂ ਕਿਹਾ ਕਿ ਮੇਰੇ ਹਲਕੇ ਵਿੱਚ ਨਸ਼ਾ ਛੁਡਾਉਣ ਲਈ ਲੋੜ ਪਈ ਤਾਂ ਅਸੀਂ ਉਹਨਾਂ ਰੋਗੀਆਂ ਦਾ ਇਲਾਜ ਕਰਵਾਵਾਂਗੇ ਅਤੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਉੱਤੇ ਖੇਡ ਸਟੇਡੀਅਮ ਬਣਾਵਾਂਗੇ ਤਾਂ ਜੋ ਸਾਡੇ ਨੌਜਵਾਨ ਵਿਹਲਾ ਸਮਾਂ ਖੇਡ ਮੈਦਾਨਾਂ ਦੇ ਵਿੱਚ ਬਿਤਾਉਣ। ਉਹਨਾਂ ਇਸ ਮੌਕੇ ਹਲਕਾ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ।
ਇਸ ਮੌਕੇ ਉਹਨਾਂ ਨਾਲ ਡੀਐਸਪੀ ਗੋਇੰਦਵਾਲ ਸ੍ਰੀ ਅਤੁਲ ਸੋਨੀ ,ਥਾਣਾ ਮੁਖੀ ਪ੍ਰਭਜੀਤ ਸਿੰਘ ਅਤੇ ਹੋਰ ਥਾਣਿਆਂ ਦੇ ਅਧਿਕਾਰੀ ਵੀ ਨਾਲ ਸਨ, ਜਿਨ੍ਹਾਂ ਨੇ ਪੁਲਿਸ ਵੱਲੋਂ ਇਹ ਭਰੋਸਾ ਦਿੱਤਾ ਕਿ ਅਸੀਂ ਨਸ਼ੇ ਦੇ ਖਾਤਮੇ ਤੱਕ ਲੜਾਂਗੇ।