ਯੈੱਸ ਪੰਜਾਬ
ਦੇਵੀਗੜ੍ਹ/ ਸਨੌਰ/ਪਟਿਆਲਾ, 5 ਜਨਵਰੀ, 2025
Punjab ਦੇ ਸਾਬਕਾ ਮੰਤਰੀ Ajaib Singh Mukhmailpur (75 ਸਾਲ) ਜਿਨ੍ਹਾਂ ਦਾ ਬੀਤੇ ਦਿਨ ਕੁਝ ਸਮਾਂ ਬਿਮਾਰ ਰਹਿਣ ਬਾਅਦ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ Mukhmailpur ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਇਸ ਮੌਕੇ Punjab ਸਰਕਾਰ ਅਤੇ ਮੁੱਖ ਮੰਤਰੀ, Punjab ਸ. Bhagwant Singh Mann ਵੱਲੋਂ ਡਿਪਟੀ ਕਮਿਸ਼ਨਰ Patiala ਡਾ. ਪ੍ਰੀਤੀ ਯਾਦਵ ਨੇ ਮ੍ਰਿਤਕ ਦੇਹ ‘ਤੇ ਫੁੱਲਾਂ ਦੀ ਰੀਥ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਅਤੇ ਫਾਇਰ ਕਰਕੇ ਸਾਬਕਾ ਮੰਤਰੀ ਨੂੰ ਸ਼ੋਕ ਸਲਾਮੀ ਦਿੱਤੀ।
ਇਸ ਦੌਰਾਨ ਅਜਾਇਬ ਸਿੰਘ ਮੁਖਮੇਲਪੁਰ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਅਜੇਪ੍ਰੀਤ ਸਿੰਘ ਮੁਖਮੇਲਪੁਰ ਨੇ ਦਿਖਾਈ।ਜਿਕਰਯੋਗ ਹੈ ਕਿ ਅਜਾਇਬ ਸਿੰਘ 1997 ਵਿੱਚ ਹਲਕਾ ਘਨੌਰ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ।
ਉਹ ਅਪਣੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਸਾਬਕਾ ਵਿਧਾਇਕ, ਪੁੱਤਰ ਅਜੇਪ੍ਰੀਤ ਸਿੰਘ, ਪੁੱਤਰੀਆਂ ਤੇ ਜਵਾਈਆਂ ਹਰਨੀਤ ਕੌਰ ਤੇ ਹਰਿੰਦਰਪਾਲ ਸਿੰਘ ਟੌਹੜਾ, ਪਰਨੀਤ ਕੌਰ ਤੇ ਸਿਮਰਨਜੋਤ ਸਿੰਘ ਢਿੱਲੋਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।ਪਰਿਵਾਰ ਦੇ ਮੈਂਬਰਾਂ ਮੁਤਾਬਕ ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ ਮਿਤੀ 6 ਜਨਵਰੀ ਨੂੰ ਸਵੇਰੇ 9 ਵਜੇ ਪਿੰਡ ਮੁਖਮੇਲਪੁਰ ਵਿਖੇ ਹੋਵੇਗੀ।
ਮਰਹੂਮ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੇਲਪੁਰ ਦੇ ਅੰਤਿਮ ਸਸਕਾਰ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਉਨ੍ਹਾਂ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅਜਾਇਬ ਸਿੰਘ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤੀ।
ਉਨ੍ਹਾਂ ਕਿਹਾ ਕਿ ਮਰਹੂਮ ਆਗੂ ਦੇ ਜਾਣ ਨਾਲ ਮੁਖਮੇਲਪੁਰ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।ਪਠਾਣਮਾਜਰਾ ਨੇ ਕਿਹਾ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਨੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਦੀ ਤਰਫ਼ੋਂ ਐਸ.ਪੀ. ਰਜੇਸ਼ ਛਿੱਬੜ ਨੇ ਰੀਥਾਂ ਰੱਖੀਆਂ। ਅੰਤਿਮ ਸਸਕਾਰ ਮੌਕੇ ਅਰਦਾਸ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪਰਨਾਮ ਸਿੰਘ ਨੇ ਕੀਤੀ।
ਇਸ ਮੌਕੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ, ਹਿੰਦੂ ਤਖਤ ਦੇ ਮਹੰਤ ਬ੍ਰਹਮਾਨੰਦ ਗਿਰੀ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਆਦੇਸ਼ਪ੍ਰਤਾਪ ਸਿੰਘ ਕੈਰੋਂ ਤੇ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਦੀਪ ਕੌਰ ਟੌਹੜਾ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ ਸਮੇਤ ਵੱਡੀ ਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਆਗੂਆਂ, ਮੌਜੂਦਾ ਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਨਿਵਾਸੀਆਂ ਨੇ ਵਿਛੜੇ ਆਗੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।