ਅੱਜ-ਨਾਮਾ
ਵਧਣੋਂ ਰੁਕਦਾ ਨਾ ਰੱਫੜ ਅਕਾਲੀਆਂ ਦਾ,
ਲੱਗ ਰਹੇ ਦੋਸ਼, ਫਿਰ ਮੋੜਵੇਂ ਦੋਸ਼ ਬੇਲੀ।
ਬਿਆਨਾਂ ਵਿੱਚ ਕੁੜੱਤਣ ਸਭ ਭਰੀ ਜਾਂਦੀ,
ਤਦ ਵੀ ਹੋਵੇ ਨਹੀਂ ਸਬਰ-ਸੰਤੋਸ਼ ਬੇਲੀ।
ਲਾਗੜ-ਭੂਗੜ ਜੋ ਨਾਲ ਆ ਤੁਰੇ ਫਿਰਦੇ,
ਕਰ ਕੇ ਚੁਗਲੀਆਂ ਈ ਭਰਦੇ ਜੋਸ਼ ਬੇਲੀ।
ਜ਼ਿਮੇਵਾਰੀ ਕੁਝ ਜਿਹੜਿਆਂ ਆਗੂਆਂ ਦੀ,
ਕਾਬੂ ਆਉਂਦੀ ਨਾ ਉਨ੍ਹਾਂ ਦੀ ਹੋਸ਼ ਬੇਲੀ।
ਪਾਰਟੀ ਸਫਾਂ ਦੇ ਅੰਦਰ ਘਬਰਾਹਟ ਫੈਲੀ,
ਜਾਈਏ ਏਧਰ ਕਿ ਓਧਰ ਹੈ ਜਾਵਣਾ ਜੀ।
ਪਤਾ ਨਾ ਕਿਹੜੇ ਦੀ ਹੋਵੇਗੀ ਅੰਤ ਚੌਧਰ,
ਕਿਸ ਵੱਲ ਗਏ ਤਾਂ ਪਊ ਪਛਤਾਵਣਾ ਜੀ।
ਤੀਸ ਮਾਰ ਖਾਂ
2 ਅਗਸਤ, 2024