Sunday, January 12, 2025
spot_img
spot_img
spot_img
spot_img

ਲਾਹੌਰ ਵਿਖੇ ਸ਼ੁਰੂ ਹੋ ਰਹੀ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਈ ਨਾਮੀ ਫਿਲਮੀ ਕਲਾਕਾਰ, ਵਿਦਵਾਨ, ਲੇਖਕ, ਸੋਸ਼ਲ ਮੀਡੀਆ ਅਤੇ ਪੱਤਰਕਾਰ ਪਹੁੰਚੇ

ਹਰਜਿੰਦਰ ਸਿੰਘ ਬਸਿਆਲਾ ਦੀ ਲਾਹੌਰ ਤੋਂ ਵਿਸ਼ੇਸ਼ ਰਿਪੋਰਟ
ਲਾਹੌਰ, 17 ਨਵੰਬਰ, 2024

‘ਵਿਰਸੇ ਦੀ ਚਾਬੀ, ਸਾਡੀ ਮਾਂ ਬੋਲੀ ਪੰਜਾਬੀ’ ਦਾ ਸੁਨੇਹਾ ਵੰਡਣ, ਪੰਜਾਬੀ ਮਾਂ ਬੋਲੀ ਦੀ ਚਿਰ ਸਥਾਈ ਸਥਾਪਤੀ, ਇਸਦੀ ਹਰਮਨ ਪਿਆਰਤਾ ਨੂੰ ਬਰਕਰਾਰ ਰੱਖਣ, ਭਵਿੱਖ ਦੀਆਂ ਸੰਭਾਵਨਾਵਾਂ, ਸ਼ੋਸ਼ਲ ਮੀਡੀਆ ਦਾ ਸਹਿਯੋਗ ਅਤੇ ਹੋਰ ਸਬੰਧਿਤ ਵਿਸ਼ਿਆ ਉਤੇ ਖੋਜ ਵਿਚਾਰ ਚਰਚਾ ਕਰਨ ਦੇ ਮਨੋਰਥ ਨਾਲ ਤਿੰਨ ਦਿਨਾਂ, ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੱਲ੍ਹ ਕੇਦਾਫੀ ਸਟੇਡੀਅਮ ਲਾਹੌਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ‘ਪੰਜਾਬੀ ਪ੍ਰਚਾਰ’ ਸੰਸਥਾ ਵੱਲੋਂ ‘ਪੰਜਾਬੀ ਲਹਿਰ’ ਅਤੇ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਿਲਾਕ)’ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ।

ਇਸਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਮਾਣਯੋਗ ਮਰੀਅਮ ਸ਼ਰੀਫ ਨਵਾਜ਼ ਵੱਲੋਂ ਰੀਬਨ ਕੱਟ ਕੇ ਕੀਤਾ ਜਾਵੇਗਾ। ਮੁੱਖ ਪ੍ਰਬੰਧਕ ਸ੍ਰੀ ਅਹਿਮਦ ਰਜਾ (ਪੰਜਾਬੀ ਪ੍ਰਚਾਰ) ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬੇਨਿਸ਼ ਫਾਤਿਮਾ ਸਾਹੀ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ’, ਸ੍ਰੀ ਅਸ਼ੋਕ ਸਿੰਘ ਜਿੱਥੇ ਸ਼ੁਰੂਆਤੀ ਸੰਬੋਧਨ ਕਰਨਗੇ ਉਥੇ ਗਿੱਧਾ-ਭੰਗੜਾ ਵੀ ਰੌਣਕ ਲਾਵੇਗਾ।

ਮੁੱਖ ਮੰਤਰੀ ਦਾ ਮਾਨ ਸਨਮਾਨ ਵੀ ਹੋਵੇਗਾ। ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ ਵਿਸ਼ੇ ਉਤੇ ਚਰਚਾ ਹੋਵੇਗੀ ਅਤੇ ਪੈਨਲ ਬੈਠੇਗਾ। ਨਵੀਂ ਟੈਕਨਾਲੋਜੀ ਦਾ ਪਸਾਰ ਤੇ ਪੰਜਾਬੀ ਚੇਤਨਾ, ਪੰਜਾਬੀ ਕਲਾਕਾਰਾਂ ਦਾ ਯੋਗਦਾਨ, ਹਾਸਰਸ ਕਲਾਕਾਰ ਸਲੀਮ ਅਲਬੇਲਾ ਤੇ ਗੋਗਾ ਪਾਸਰੋਰੀ ਹਸਾਉਣਗੇ, ਮਾਂ ਬੋਲੀ ਰਾਹੀਂ ਸਿੱਖਿਆ (ਪੈਨਲ ਵਿਚ ਹੋਣਗੇ ਸ. ਜਸਵੰਤ ਸਿੰਘ ਜਫ਼ਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਭਾਰਤ, ਸੁੱਖੀ ਬਾਠ ਪੰਜਾਬ ਭਵਨ ਕੈਨੇਡਾ), ਪੰਜਾਬੀ ਸੁਆਣੀ ਤੇ ਨਾਬਰੀ ਦੀ ਰੀਤ, ਪੰਜਾਬੀਆਂ ਦੀਆਂ ਕਾਮਯਾਬੀਆਂ, ਪਾਕਿਸਤਾਨੀ ਪੰਜਾਬੀ ਗਾਇਕ ਕਲਾਕਾਰਾ ਫਲਕ ਇਜਾਜ ਅਤੇ ਅਮਰੀਕਾ ਰਹਿੰਦੇ ਪੰਜਾਬੀ ਗਾਇਕ ਸੱਤੀ ਪਾਬਲਾ (ਭਰਾ ਭੁਪਿੰਦਰ ਬੱਬਲ) ਰੌਣਕਾਂ ਲਾਉਣਗੇ। ਪਹਿਲੇ ਦਿਨ ਦੇ ਆਖਰੀ ਮੌਕੇ ਸਾਈਂ ਜ਼ਹੂਰ ਗੀਤਾਂ ਰਾਹੀਂ ਸਭਿਆਚਾਰ ਦਾ ਸੁਨੇਹਾ ਦੇ ਕੇ ਅਗਲੇ ਦਿਨ ਲਈ ਸੱਦਾ ਦੇਣਗੇ।

ਮਹਿਮਾਨ ਪਹੁੰਚੇ: ਇਸ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਅਮਰੀਕਾ ਤੋਂ ਪ੍ਰਸਿੱਧ ਲੇਖਕ, ਗੀਤਕਾਰ ਤੇ ਪੱਤਰਕਾਰ ਸ੍ਰੀ ਅਸ਼ੋਕ ਭੌਰਾ, ਗਾਇਕ ਸੱਤੀ ਪਾਬਲਾ, ਨਿਊਜ਼ੀਲੈਂਡ ਤੋਂ ਪੱਤਰਕਾਰ ਤੇ ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ, ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਉਨ੍ਹਾਂ ਦੇ ਪਤੀ ਸ. ਸਵਰਨ ਸਿੰਘ ਭੰਗੂ, ਸ. ਮਲਕੀਅਤ ਸਿੰਘ ਰੌਣੀ, ਪੱਤਰਕਾਰ ਗੁਰਪ੍ਰੀਤ ਲਹਿਰੀ, ਪੱਤਰਕਾਰ ਸੁਖਨੈਬ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫਰ, ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ, ਸਤਵੀਰ ਸਿੰਘ ਪੱਲੀ ਝਿੱਕੀ, ਐਸ. ਐਨ. ਕਾਲਜ ਬੰਗਾ ਦੇ ਪਿ੍ਰੰਸੀਪਲ ਸ. ਤਰਸੇਮ ਸਿਘ ਅਤੇ ਹੋਰ ਬਹੁਤ ਸਾਰੇ ਮਹਿਮਾਨ ਪੁੱਜੇ ਹੋਏ ਹਨ।

ਦੂਜੇ ਦਿਨ ਦਾ ਉਦਘਾਟਨ ਪੰਜਾਬ ਦੇ ਗਵਰਨਰ ਸਾਹਿਬ ਕਰਨਗੇ। ਪੰਜਾਬੀ ਲਹਿਰ ਵਾਲੇ ਸ੍ਰੀ ਨਾਸਿਰ ਢਿੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬਾਬਾ ਨਾਨਕ, ਬਾਬਾ ਫਰੀਦ, ਬੁੱਲ੍ਹੇ ਸ਼ਾਹ ਤੇ ਅਜੋਕੇ ਸਮਾਜ ਉਤੇ ਵਿਚਾਰ, ਪੰਜਾਬੀ ਸਿਨਮੇ ਦੀ ਗੱਲ, ਪੰਜਾਬੀ ਸਿਆਸਤ ਦਾਨ ਤੇ ਪੰਜਾਬ, ਸੁਰ ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕ ਅਤੇ ਹੋਰ ਗਹਿਰੇ ਮੁੱਦਿਆਂ ਉਤੇ ਗੱਲ ਹੋਵੇਗੀ।

ਕਾਨਫਰੰਸ ਦੇ ਤੀਜੇ ਦਿਨ ਰਾਣਾ ਮਸ਼ਹੂਦ ਅਹਿਮਦ ਖਾਨ ਰੀਬਨ ਕੱਟਣਗੇ, ਸ.ਜਸਵੰਤ ਸਿੰਘ ਜਫ਼ਰ ਸੰਬੋਧਨ ਕਰਨਗੇ, ਸੰਗੀਤਕ ਸਰਗਰਮੀ ਹੋਵੇਗੀ, ਪੰਜਾਬ ਪੱਤਰਕਾਰੀ ਕੱਲ੍ਹ ਅੱਜ ਤੇ ਭਲਕ ਉਤੇ ਵਿਚਾਰ ਹੋਵੇਗੀ। ਪੰਜਾਬੀ ਕਿਸਾਨਾਂ ਨਾਲ ਸਰਕਾਰਾਂ ਦਾ ਵਰਤਾਰਾ, ਬਸਤੀਬਾਦ ਦਾ ਪੰਜਾਬ ਉਤੇ ਪ੍ਰਭਾਵ, ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ, ਸਾਂਈ ਜ਼ਹੂਰ ਵੱਲੋਂ ਸੰਗੀਤਕ ਸ਼ਾਮਾਂ ਹੋਣਗੀਆਂ। ਇਸ ਤੋਂ ਇਲਾਵਾ ਕਿਤਾਬਾਂ ਵੀ ਰਿਲੀਜ ਹੋਣਗੀਆਂ ਜਿਸ ਦੇ ਵਿਚ ਮਨਜੀਤ ਕੌਰ ਗਿੱਲ ਹੋਰਾਂ ਦੀ ‘ਸੰਦੂਕ’ ਅਤੇ ਗੁਰਪ੍ਰੀਤ ਦੁੱਗਾ ਦੀ ਮੈਡੀਕਲ ਗਾਈਡ ਸ਼ਾਮਿਲ ਹੈ। ਵੱਖ-ਵੱਖ ਇਨਾਮਾਂ ਦੀ ਤਕਸੀਮ ਹੋਵੇਗੀ।

ਜਿਵੇਂ ਇਸ ਪੱਤਰਕਾਰ (ਹਰਜਿੰਦਰ ਸਿੰਘ ਬਸਿਆਲਾ) ਨੇ ਆਪਣੇ ਇਕ ਸਲੋਗਨ ਵਿਚ ਲਿਖਿਆ ਹੈ ਕਿ ‘ਪਾਣੀ ਵਿਚ ਛਲ ਦਾ ਸ਼ਬਾਬ ਵੱਖਰਾ ਅਤੇ ਪੰਜਾਬੀ ’ਚ ਗੱਲ ਦਾ ਸਵਾਦ ਵੱਖਰਾ’ ਸੱਚਮੁੱਚ ਇਸ ਕਾਨਫਰੰਸ ਦੇ ਵਿਚ ਵੇਖਣ ਨੂੰ ਮਿਲੇਗਾ। ਕੀ ਚੜ੍ਹਦਾ ਕੀ ਲਹਿੰਦਾ ਬੰਦਾ ਤਾਂ ਆਖਿਰ ਆਪਣਿਆਂ ਵਿਚ ਹੀ ਬਹਿੰਦਾ ਵਾਲੀ ਗੱਲ ਵੀ ਕੱਲ੍ਹ ਸਾਬਿਤ ਕੀਤੀ ਜਾਵੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ