ਯੈੱਸ ਪੰਜਾਬ
ਰੂਪਨਗਰ, 18 ਨਵੰਬਰ, 2024
ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿਖੇ ਤੀਜੇ ਬੈਚ ਦੇ ਦਾਖਲੇ ਲਈ ਪ੍ਰੀਖਿਆ 5 ਜਨਰਵੀ 2025 ਨੂੰ ਲਈ ਜਾ ਰਹੀ ਹੈ ਅਤੇ ਚਾਹਵਾਨ ਲੜਕੀਆਂ 20 ਦਸੰਬਰ 2024 ਤੱਕ www.mbafpigirls.in ਤੇ ਆਨ-ਲਾਈਨ ਰਜਿਸਟਰ ਕਰ ਸਕਦੀਆਂ ਹਨ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਸੰਸਥਾ ਪੰਜਾਬ ਸਰਕਾਰ ਦੁਆਰਾ ‘ਰੱਖਿਆ ਸੇਵਾਵਾਂ’ ਵਿੱਚ ਕਮਿਸ਼ਨਡ ਅਫਸਰਾਂ ਵਜੋਂ ਕੈਰੀਅਰ ਬਣਾਉਣ ਲਈ ਪੰਜਾਬ ਦੀਆਂ ਵਸਨੀਕ ਲੜਕੀਆਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਦੱਸਿਆ ਗਿਆ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੇ ਐਨ.ਡੀ.ਏ ਪ੍ਰੈਪਰੇਟਰੀ ਵਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਲੜਕੀਆਂ ਦੂਨ ਇੰਟਰਨੈਸ਼ਨਲ ਸਕੂਲ ਮੋਹਾਲੀ ਵੱਲੋਂ ਗਿਆਰਵੀਂ ਅਤੇ ਬਾਰਵੀਂ ਦੀ ਵਿੱਦਿਅਕ ਯੋਗਤਾ ਮੁਕੰਮਲ ਕਰਨਗੀਆਂ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਵਿਦਿਆਰਥੀਆਂ ਦੀ ਸਿਖਲਾਈ, ਬੋਰਡਿੰਗ, ਰਿਹਾਇਸ਼, ਖਾਣ-ਪੀਣ, ਵਰਦੀਆਂ ਆਦਿ ਦਾ ਪੂਰਾ ਖਰਚਾ ਪੰਜਾਬ ਸਰਕਾਰ ਦੁਆਰਾ ਅਦਾ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਸਿਰਫ ਸਕੂਲ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ, ਜਿਸ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਲੜਕੀਆਂ ਨੂੰ ਸ਼ੂਟਿੰਗ, ਖੇਡਾਂ, ਇੰਗਲਿਸ਼ ਸਪੀਕਿੰਗ, ਕੰਮਿਊਨੀਕੇਸ਼ਨ ਸਕਿੱਲ, ਯੋਗਾ, ਤੈਰਾਕੀ ਅਤੇ ਐਸ.ਐਸ.ਬੀ ਬੋਰਡ ਆਦਿ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਸਬੰਧੀ ਸੁਵਿਧਾਵਾਂ ਵੀ ਉਪਲੱਬਧ ਹਨ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿਖੇ ਤੀਜੇ (ਤੀਜੇ) ਬੈਚ ਲਈ ਦਾਖਲਾ ਪ੍ਰੀਖਿਆ 05 ਜਨਵਰੀ 2025 ਨੂੰ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਵਿਖੇ ਦਾਖਲੇ ਲਈ ਪੰਜਾਬ ਡੋਮੀਸਾਈਲ ਵਾਲੀਆਂ ਕੁੜੀਆਂ ਜਿਨ੍ਹਾਂ ਨੇ ਦਸਵੀਂ ਜਮਾਤ ਪਾਸ ਕੀਤੀ ਹੈ ਜਾਂ 2025 ਵਿੱਚ ਪਾਸ ਕਰਨੀ ਹੈ, ਅਪਲਾਈ ਕਰਨ ਦੇ ਯੋਗ ਹਨ, ਅਪਲਾਈ ਕਰਨ ਵਾਲੀਆਂ ਲੜਕੀਆਂ ਦੀ ਉਮਰ ਦਾਖਲੇ ਵਾਲੇ ਸਾਲ ਦੀ 01 ਜਨਵਰੀ ਨੂੰ ਘੱਟੋ-ਘੱਟ 16 ਸਾਲ ਹੋਣੀ ਚਾਹੀਦੀ ਹੈ ਅਤੇ ਯੂ.ਪੀ.ਐਸ.ਸੀ ਦੁਆਰਾ ਜਾਰੀ ਐਨ.ਡੀ.ਏ ਦੀ ਨੋਟੀਫਿਕੇਸ਼ਨ ਅਨੁਸਾਰ ਮੈਡੀਕਲ ਮਾਪਦੰਡ ਹੋਣੇ ਚਾਹੀਦੇ ਹਨ।
ਇਸ ਸਬੰਧੀ ਮੁਕੰਮਲ ਵੇਰਵੇ www.mbafpigirls.in ‘ਤੇ ਵੀ ਉਪਲਬਧ ਹਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਲੜਕੀਆਂ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸੇ ਵੀ ਦਫ਼ਤਰੀ ਸਮੇਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆ ਕੇ ਅਗਵਾਈ ਲੈ ਸਕਦੇ ਹਨ ਜਾਂ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।